ਕਾਂਗਰਸ ਨੂੰ ਪੰਜਾਬ ‘ਚ ਝੱਟਕਾ ਰਾਣਾ ਗੁਰਮੀਤ ਸੋਢੀ ਭਾਜਪਾ ‘ਚ ਸ਼ਾਮਿਲ ਹੋਏ

New Delhi: Former Congress leader Rana Gurmeet Singh Sodhi joins the BJP in the presence of Union minister and party leader Bhupender Yadav , Gajendra Singh Shekhawat and Som Prakash during a Press conference in New Delhi, Tuesday, Dec 21, 2021.Tribune Photo: Mukesh Aggarwal

ਨਵੀਂ ਦਿੱਲੀ, 21 ਦਸੰਬਰ – ਪੰਜਾਬ ਕਾਂਗਰਸ ਦੇ ਆਗੂਆਂ ‘ਚ ਪਹਿਲੀ ਕਤਾਰ ‘ਚ ਸ਼ੁਮਾਰ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਪਾਰਟੀ ਛੱਡ ਭਾਜਪਾ ਵਿੱਚ ਸ਼ਾਮਲ ਹੋ ਗਏ। ਰਾਣਾ ਗੁਰਮੀਤ ਨੇ ਦੋਸ਼ ਲਾਇਆ ਕਿ ਕਾਂਗਰਸ ਸੂਬੇ ਦੀ ‘ਸੁਰੱਖਿਆ ਤੇ ਫ਼ਿਰਕੂ ਸਦਭਾਵਨਾ ਨੂੰ ਦਾਅ ਉੱਤੇ ਲਾ ਰਹੀ ਹੈ’। ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਵਿੱਚ ਸ਼ਾਂਤੀ ਤੇ ਫ਼ਿਰਕੂ ਭਾਈਚਾਰੇ ਲਈ ਗੰਭੀਰ ਖ਼ਤਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੇਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਨੂੰ ਪੰਜਾਬ ਨੂੰ ਬਚਾ ਸਕਦੇ ਹਨ।
ਪੰਜਾਬ ‘ਚ ਲਗਾਤਾਰ ਚਾਰ ਵਾਰ ਵਿਧਾਇਕ ਬਣੇ ਸੋਢੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਾਫ਼ੀ ਨੇੜੇ ਮੰਨੇ ਜਾਂਦੇ ਹਨ। ਉਨ੍ਹਾਂ ਕਾਂਗਰਸ ਤੋਂ ਆਪਣੇ ਅਸਤੀਫ਼ੇ ਦਾ ਐਲਾਨ ਟਵਿਟਰ ਤੋਂ ਕੀਤਾ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜਿਆ ਪੱਤਰ ਵੀ ਪੋਸਟ ਕੀਤਾ। ਰਾਣਾ ਸੋਢੀ ਨੇ ਕਿਹਾ ਕਿ ਮੈਂ ਪੰਜਾਬ ਦਾ ਸਾਹ ਘੁੱਟਦਾ ਤੇ ਬੇਵਸੀ ਨਹੀਂ ਦੇਖ ਸਕਦਾ। ਕਾਂਗਰਸ ਪਾਰਟੀ ਨੇ ਸੂਬੇ ਦੀ ਸੁਰੱਖਿਆ ਤੇ ਫ਼ਿਰਕੂ ਏਕੇ ਨੂੰ ਦਾਅ ਉੱਤੇ ਲਾ ਦਿੱਤਾ ਹੈ। ਦੁਖੀ ਮਨ ਨਾਲ, ਮੈਂ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੰਦਾ ਹੈ। ਇਸ ਤੋਂ ਬਾਅਦ ਰਾਣਾ ਸੋਢੀ ਦਿੱਲੀ ਵਿੱਚ ਕੇਂਦਰੀ ਮੰਤਰੀਆਂ ਗਜੇਂਦਰ ਸਿੰਘ ਸ਼ੇਖਾਵਤ ਤੇ ਭੁਪੇਂਦਰ ਯਾਦਵ ਦੀ ਹਾਜ਼ਰੀ ਵਿੱਚ ਭਾਜਪਾ ‘ਚ ਸ਼ਾਮਲ ਹੋ ਗਏ।
ਜ਼ਿਕਰਯੋਗ ਹੈ ਕਿ ਭਾਜਪਾ ਨੇ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਗੱਠਜੋੜ ਦਾ ਐਲਾਨ ਕੀਤਾ ਹੈ। ਰਾਣਾ ਸੋਢੀ ਨੇ ਕਿਹਾ ਕਿ ਉਹ ਚਾਰ ਦਹਾਕਿਆਂ ਤੋਂ ਵੱਧ ਸਮਾਂ ਕਾਂਗਰਸ ਵਿੱਚ ਰਹੇ ਹਨ ਤੇ ਪਾਰਟੀ ਦੀ ਵਰਤਮਾਨ ਅੰਦਰੂਨੀ ਸਥਿਤੀ ਤੋਂ ਨਿਰਾਸ਼ ਸਨ, ਖ਼ਾਸ ਕਰ ਕੇ ਪੰਜਾਬ ਵਿੱਚ ਪਾਰਟੀ ਦੀ ਸਥਿਤੀ ਖ਼ਰਾਬ ਹੈ। ਰਾਣਾ ਸੋਢੀ ਨੇ ਦੋਸ਼ ਲਾਇਆ ਕਿ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ‘ਆਪਣੇ ਨਿੱਜੀ ਲਾਭ ਖ਼ਾਤਰ ਸਰਹੱਦੀ ਸੂਬੇ ਨੂੰ ਤਬਾਹ ਕਰਨ ਉੱਤੇ ਤੁਲੀ ਹੋਈ ਹੈ’। ਉਨ੍ਹਾਂ ਪੰਜਾਬ ਦੀ ਸਥਿਤੀ ‘ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਾਂਗਰਸ ‘ਤੇ ਵੋਟਾਂ ਖ਼ਾਤਰ ਸੂਬੇ ਨੂੰ ਵੰਡਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਹ ਸੂਬੇ ਦੀ ਸਥਿਤੀ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲੇ ਸਨ। ਭਾਜਪਾ ਦੀ ਸਿਖਰਲੀ ਲੀਡਰਸ਼ਿਪ ਦੀ ਸ਼ਲਾਘਾ ਕਰਦਿਆਂ ਸੋਢੀ ਨੇ ਕਿਹਾ ਕਿ ਭਾਰਤ ਨੂੰ ਇਸੇ ਤਰ੍ਹਾਂ ਦੀ ਅਗਵਾਈ ਚਾਹੀਦੀ ਹੈ। ਰਾਜੀਵ ਗਾਂਧੀ ਤੇ ਸੋਨੀਆ ਗਾਂਧੀ ਨਾਲ ਆਪਣੀ ਨੇੜਤਾ ਨੂੰ ਯਾਦ ਕਰਦਿਆਂ ਸੋਢੀ ਨੇ ਦੋਸ਼ ਲਾਇਆ ਕਿ ਕਾਂਗਰਸ ਦੀਆਂ ਧਰਮ ਨਿਰਪੱਖ ਕਦਰਾਂ-ਕੀਮਤਾਂ ਹੁਣ ਢਹਿ-ਢੇਰੀ ਹੋ ਗਈਆਂ ਹਨ ਤੇ ਅੰਦਰੂਨੀ ਕਲੇਸ਼ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਥਿਰ ਸਰਕਾਰ ਚਾਹੀਦੀ ਹੈ ਜੋ ਇਸ ਨੂੰ ਬਚਾਏ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲੇ। ਸ਼ੇਖਾਵਤ ਨੇ ਰਾਜ ਦੀ ਸਿਆਸਤ ਵਿਚ ਸੋਢੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ।