ਕਾਂਗਰਸ ਮਨਪ੍ਰੀਤ ਬਾਦਲ ਦੀਆਂ ਸੇਵਾਵਾਂ ਜਿਵੇਂ ਚਾਹੇ ਵਰਤੇ – ਅਕਾਲੀ ਦਲ

ਚੰਡੀਗੜ੍ਹ, 3 ਸਤੰਬਰ (ਏਜੰਸੀ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਮਨਪ੍ਰੀਤ ਸਿੰਘ ਬਾਦਲ ਨਾਲ ਗਠਜੋੜ ਦੀ ਸੰਭਾਵਨਾ ਦੇ ਕੀਤੇ ਐਲਾਨ ‘ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਹੈ ਕਿ ਕਾਂਗਰਸ ਪਾਰਟੀ ਮਨਪ੍ਰੀਤ ਸਿੰਘ ਬਾਦਲ ਦੀਆਂ ਸੇਵਾਵਾਂ ਜਿਵੇਂ ਚਾਹੇ ਵਰਤ ਸਕਦੀ ਹੈ। ਹਰ ਕੋਈ ਜਾਣਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ……. ਤੇ ਕਾਂਗਰਸ ਪਾਰਟੀ ਇਕੋ ਸਿੱਕੇ ਦੇ ਦੋ ਪਹਿਲੂ ਹਨ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਬਿਆਨ ਵਿੱਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸ ਪਾਰਟੀ ਇਹ ਸਮਝ ਰਹੀ ਸੀ ਕਿ ਜੇਕਰ ਮਨਪ੍ਰੀਤ ਸਿੰਘ ਬਾਦਲ ਵੱਖਰੀ ਪਾਰਟੀ ਬਣਾ ਕੇ  ਚੋਣਾਂ ਲੜਦੇ ਹਨ ਤਾਂ ਇਸ ਦਾ ਲਾਭ ਕਾਂਗਰਸ ਪਾਰਟੀ ਨੂੰ ਹੋਵੇਗਾ ਪਰ ਰਾਜ ਦੇ ਲੋਕ ਦੋਹਾਂ ਆਗੂਆਂ ਦੀ ਇਸ ਗੈਰ ਸਿਧਾਂਤਕ ਤੇ ਸੌੜੇ ਹਿਤਾਂ ਵਾਲੀ ਸਾਂਝ ਤੋਂ ਜਾਣੂ ਸਨ ਜਿਨ੍ਹਾਂ ਨੇ ਇਨ੍ਹਾਂ ਨੂੰ ਸਬਕ ਸਿਖਾ ਦਿੱਤਾ। ਹੁਣ ਹਰ ਪਾਸਿਓਂ ਕਸੂਤੇ ਫਸੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਖਿਲਾਫ ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂਆਂ ਨੇ ਬਾਗਵਤ ਕਰ ਦਿੱਤੀ ਹੈ, ਨੇ ਮਨਪ੍ਰੀਤ ਸਿੰਘ ਬਾਦਲ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਕੀਤੇ ਜਾਣ ਦੀ ਗੱਲ ਕਹਿ ਕੇ ਨਵਾਂ ਪੈਂਤੜਾ ਖੇਡਿਆ ਹੈ। ਇਸ ਤੋਂ ਦੋਹਾਂ ਆਗੂਆਂ ਦਾ ਦੀਵਾਲੀਆਪਨ ਅਤੇ ਖੋਖਲਾ ਆਧਾਰ ਸਪਸ਼ਟ ਹੋ ਗਿਆ ਹੈ, ਇਸੇ ਲਈ ਇਹ ਦੋਵੇਂ ਆਗੂ ਹੁਣ ਸਿਆਸੀ ਹੋਂਦ ਬਚਾਉਣ ਲਈ ਆਖਰੀ ਹੰਭਲਾ ਮਾਰ ਰਹੇ ਹਨ। ਡਾ. ਚੀਮਾ ਨੇ ਇਹ ਵੀ ਆਖਿਆ ਕਿ ਦੋਹਾਂ ਆਗੂਆਂ ਦਰਮਿਆਨ ਇਕੋ ਹੀ ਚੀਜ਼ ਸਾਂਝੀ ਹੈ ਕਿ ਦੋਵੇਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਦੇ ਹਨ ਅਤੇ ਚੋਣਾਂ ਤੋਂ ਬਾਅਦ ਸਬਸਿਡੀਆਂ ਤੇ ਹੋਰ ਲੋਕ ਭਲਾਈ ਸਕੀਮਾਂ ਬੰਦ ਕਰਨ ਦੇ ਵਕੀਲ ਬਣ ਜਾਂਦੇ ਹਨ।
ਡਾ. ਚੀਮਾ ਨੇ ਹੋਰ ਆਖਿਆ ਕਿ ਜਿਸ ਤਰੀਕੇ ਨਾਲ ਦਿੱਲੀ ਵਿੱਚ ਪੈਦਾ ਹੋਏ ਹਾਲਾਤਾਂ ਵਿੱਚ ਕਾਂਗਰਸ ਪਾਰਟੀ ਭ੍ਰਿਸ਼ਟਾਚਾਰ ਦੀ ਮਾਂ ਸਾਬਤ ਹੋਈ ਹੈ ਅਤੇ ਪੰਜਾਬ ਵਿਧਾਨ ਸਭਾ ਤੇ ਨਗਰ ਨਿਗਮਾਂ ਦੀਆਂ ਚੋਣਾਂ ਦਾ ਫਤਵਾ ਆਇਆ ਹੈ, ਉਸ ਨੂੰ ਧਿਆਨ ਵਿੱਚ ਰੱਖਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਦਿਨ ਵਿੱਚ ਸੁਫਨੇ ਵੇਖਣੇ ਬੰਦ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਭਾਵੇਂ ਜਿਵੇਂ ਮਰਜ਼ੀ ਦਾ ਗਠਜੋੜ ਕਰ ਲਵੇ, ਹਸ਼ਰ ਉਸ ਦਾ ਮਨਪ੍ਰੀਤ ਸਿੰਘ ਬਾਦਲ ਵਾਲਾ ਹੀ ਹੋਣਾ ਹੈ।
ਚੋਣ ਮਨੋਰਥ ਪੱਤਰ ਦੇ ਮਾਮਲੇ ਦਾ ਜਵਾਬ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੇਤੇ ਕਰਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਸਲਾਹ ਦੇਣ ਦੀ ਥਾਂ ‘ਤੇ ਕਾਂਗਰਸ ਦੇ ਆਗੂ ਨੂੰ 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਿਲੀਜ਼ ਕੀਤਾ ਆਪਣਾ ਚੋਣ ਮਨੋਰਥ ਪੱਤਰ ਪੜ੍ਹ ਲੈਣਾ ਚਾਹੀਦਾ ਹੈ। ਪੂਰੇ ਪੰਜ ਸਾਲ ਕਾਂਗਰਸ ਪਾਰਟੀ ਨੇ ਰਾਜ ਕੀਤਾ ਜਿਸ ਦੌਰਾਨ ਉਹ ਕਿਸਾਨਾਂ ਨੂੰ ਮੁਫਤ ਬਿਜਲੀ, ਦਲਿਤ ਲੜਕੀਆਂ ਨੂੰ ਸ਼ਗਨ ਸਕੀਮ, ਮੁਲਾਜ਼ਮਾਂ ਲਈ 4-9-14 ਦੀ ਤਰੱਕੀ ਸਕੀਮ, ਵਪਾਰੀਆਂ ਲਈ ਚੁੰਗੀ ਮੁਆਫ ਕਰਨ, ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਵਿਚੋਂ ਇਕ ਇਕ ਮੈਂਬਰ ਨੂੰ ਨੌਕਰੀ ਪ੍ਰਦਾਨ ਕਰਨ ਸਮੇਤ ਹੋਰ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਆਪਣੇ ਚੋਣ ਵਾਅਦੇ ਪੂਰੇ ਕਰਨ ਤੋਂ ਭੱਜੇ ਕੈਪਟਨ ਅਮਰਿੰਦਰ ਸਿੰਘ ਦੂਜਿਆਂ ਨੂੰ ਇਸ ਮਾਮਲੇ ‘ਤੇ ਸਲਾਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹਮੇਸ਼ਾ ਕੀਤੇ ਵਾਅਦੇ ਨਿਭਾਉਣ ਦਾ ਰਿਹਾ ਹੈ ਅਤੇ ਮੌਜੂਦਾ ਕਾਰਜਕਾਲ ਦੌਰਾਨ ਵੀ ਵਾਅਦੇ ਪੂਰੇ ਕੀਤੇ ਜਾਣਗੇ।