ਕਾਂਗਰਸ ਵਰਕਿੰਗ ਕਮੇਟੀ ਮੀਟਿੰਗ: ਸੋਨੀਆ ਨੇ ਕਿਹਾ,’ ਮੈਂ ਪਾਰਟੀ ਦੀ ਸਥਾਈ ਤੇ ਸਰਗਰਮ ਪ੍ਰਧਾਨ ਹਾਂ’

CWC Meeting at AICC Rahul and Sonia Gandhi Present.

ਨਵੀਂ ਦਿੱਲੀ, 16 ਅਕਤੂਬਰ – ਅੱਜ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਕਾਂਗਰਸ ਦਾ ਹਰ ਮੈਂਬਰ ਚਾਹੁੰਦਾ ਹੈ ਕਿ ਪਾਰਟੀ ਸੁਰਜੀਤ ਹੋਵੇ ਪਰ ਇਸ ਲਈ ਏਕਤਾ ਤੇ ਪਾਰਟੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣ ਦੀ ਲੋੜ ਹੈ। ਅੱਜ ਪਾਰਟੀ ਅੰਦਰ ‘ਬਗ਼ਾਵਤੀ ਸੁਰਾਂ’ ਵਾਲੇ ਗਰੁੱਪ 23 ਨੂੰ ਸਖ਼ਤ ਲਹਿਜ਼ੇ ਵਿੱਚ ਉਨ੍ਹਾਂ ਕਿਹਾ ਕਿ, ‘ਮੈਂ ਹਮੇਸ਼ਾ ਸਪਸ਼ਟਤਾ ਦੀ ਪ੍ਰਸੰਸਕ ਰਹੀ ਹਾਂ ਤੇ ਮੈਨੂੰ ਮੀਡੀਆ ਰਾਹੀਂ ਗੱਲ ਕਰਨ ਦੀ ਜ਼ਰੂਰਤ ਨਹੀਂ। ਆਓ ਆਪਾ ਸਪਸ਼ਟ ਚਰਚਾ ਕਰੀਏ। ਮੈਂ ਕਾਂਗਰਸ ਦੀ ਪੂਰਨਕਾਲ ਤੇ ਸਰਗਰਮ ਪ੍ਰਧਾਨ ਹਾਂ।’
ਇਸ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਨੇ ਦੇਸ਼ ਦੇ ਤਾਜ਼ਾ ਸਿਆਸੀ ਹਾਲਾਤ, ਮਹਿੰਗਾਈ ਅਤੇ ਗੰਭੀਰ ਖੇਤੀ ਸੰਕਟ ਤੇ ਕਿਸਾਨਾਂ ‘ਤੇ ਹਮਲਿਆਂ ਸਬੰਧੀ ਤਿੰਨ ਮਤੇ ਪਾਸ ਕੀਤੇ ਉਨ੍ਹਾਂ ਕਿਹਾ ਕਿ ਪਾਰਟੀ ਨੇ 30 ਜੂਨ ਤੱਕ ਕਾਂਗਰਸ ਦੇ ਨਿਯਮਤ ਪ੍ਰਧਾਨ ਦੀ ਚੋਣ ਲਈ ਰੂਪ ਰੇਖਾ ਤਿਆਰ ਕੀਤੀ ਸੀ ਪਰ ਕੋਵਿਡ ਦੀ ਦੂਜੀ ਲਹਿਰ ਕਾਰਨ ਇਸ ਦੀ ਮਿਆਦ ਅਣਮਿਥੇ ਸਮੇਂ ਲਈ ਵਧਾਉਣ ਪਈ ਸੀ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਹੈਰਾਨ ਕਰਨ ਵਾਲੀਆਂ ਘਟਨਾਵਾਂ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਦਰਸਾਉਂਦੀ ਹੈ ਕਿ ਉਹ ਕਿਸਾਨਾਂ ਦੇ ਵਿਰੋਧ ਨੂੰ ਕਿੰਝ ਲੈਂਦੀ ਹੈ।