ਕਾਮਨਵੈਲਥ ਗੇਮਜ਼ 2022: ਨਿਊਜ਼ੀਲੈਂਡ ਨੇ 2 ਹੋਰ ਕਾਂਸੀ ਦੇ ਤਗਮੇ ਜਿੱਤੇ, ਤਗਮਾ ਸੂਚੀ ‘ਚ ਮੁੜ ਤੀਜੇ ਨੰਬਰ ‘ਤੇ ਪੁੱਜਾ

ਬਰਮਿੰਘਮ, 3 ਅਗਸਤ – ਇੱਥੇ ਹੋ ਰਹੀਆਂ ਕਾਮਨਵੈਲਥ ਗੇਮਜ਼ ਵਿੱਚ ਨਿਊਜ਼ੀਲੈਂਡ ਨੇ ਵੱਖ-ਵੱਖ ਖੇਡਾਂ ਵਿੱਚ ਹੁਣ ਤੱਕ 26 ਤਗਮੇ ਜਿੱਤੇ ਹਨ। ਜਿਸ ਵਿੱਚ 13 ਸੋਨੇ, 7 ਚਾਂਦੀ ਅਤੇ 6 ਕਾਂਸੀ ਦੇ ਤਗਮੇ ਸ਼ਾਮਿਲ ਹਨ। ਅੱਜ ਕੀਵੀ ਖਿਡਾਰੀਆਂ ਨੇ 2 ਕਾਂਸੀ ਦੇ ਤਗਮੇ ਜਿੱਤੇ ਹਨ।
ਅੱਜ 2 ਹੋਰ ਜਿੱਤੇ ਤਗਮਿਆਂ ਦਾ ਵੇਰਵਾ:
ਕਾਮਨਵੈਲਥ ਗੇਮਜ਼ ਵਿੱਚ ਡੈਬਿਯੂ ਕਰਨ ਵਾਲੀ 21 ਸਾਲਾ ਐਥਲੀਟ ਇਮੋਜੇਨ ਆਇਰਿਸ ਨੇ ਵੁਮੈਨਸ ਦੇ ਪੋਲ ਵਾਲਟ ਮੁਕਾਬਲੇ ਵਿੱਚ 4.50 ਮੀਟਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਆਇਰਿਸ ਨੇ ਹਮਵਤਨ ਖਿਡਾਰਨ ਐਥਲੀਟ ਓਲੀਵੀਆ ਮੈਕਟੈਗਾਰਟ ਨੂੰ ਪਛਾੜ ਕੇ ਕਾਂਸੀ ਦਾ ਤਗਮਾ ਜਿੱਤਿਆ।
ਨਿਊਜ਼ੀਲੈਂਡ ਦੀ ਲਾਅਨ ਬਾਊਲਜ਼ ਟੀਮ ਨੇ ਵੁਮੈਨ ਫੌਰ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਆਪਣਾ ਪਹਿਲਾ ਤਗਮਾ ਜਿੱਤ ਲਿਆ ਹੈ। ਨਿਊਜ਼ੀਲੈਂਡ ਦੀ ਸੇਲੀਨਾ ਗੋਡਾਰਡ, ਨਿਕੋਲ ਟੂਮੀ, ਟੇਲਾ ਬਰੂਸ ਅਤੇ ਵੈਲ ਸਮਿਥ ਦੀ ਟੀਮ ਨੇ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਫਿਜ਼ੀ ਨੂੰ 17-6 ਨਾਲ ਹਰਾਇਆ, ਥ੍ਰੀ ਐਂਡ ਤੋਂ ਬਾਅਦ ਸ਼ੁਰੂਆਤੀ 4-0 ਦੇ ਘਾਟੇ ਤੋਂ ਬਾਅਦ ਵਾਪਸੀ ਕੀਤੀ ਅਤੇ ਏਟ ਐਂਡ ਤੱਕ 7-6 ਦੀ ਟਾਈਟ ਬੜ੍ਹਤ ਬਣਾ ਲਈ ਸੀ। 10 ਸਿੱਧੇ ਪੁਆਇੰਟ ਪ੍ਰਾਪਤ ਕਰਕੇ ਜਿੱਤ ਸੁਰੱਖਿਅਤ ਕੀਤੀ।
ਕੀਵੀ ਕੁਆਟਰੇਟ ਨੇ ਦੋ ਜਿੱਤਾਂ ਅਤੇ ਇੱਕ ਡਰਾਅ ਨਾਲ ਆਪਣੇ ਪੂਲ ਵਿੱਚ ਸਿਖਰ ‘ਤੇ ਕੁਆਲੀਫ਼ਾਈ ਕੀਤਾ ਸੀ ਅਤੇ ਬੋਤਸਵਾਨਾ ਨੂੰ 17-13 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ, ਜਿੱਥੇ ਉਹ ਭਾਰਤ ਤੋਂ 16-13 ਦੇ ਫ਼ਰਕ ਤੋਂ ਹਾਰ ਗਿਆ ਸੀ।