ਕਾਮਨਵੈਲਥ ਗੇਮਜ਼ 2022: ਨੀਰਜ ਚੋਪੜਾ ਮਾਸਪੇਸ਼ੀਆਂ ‘ਚ ਖਿਚਾਅ ਕਾਰਨ ਕਾਮਨਵੈਲਥ ਖੇਡਾਂ ਵਿੱਚੋਂ ਬਾਹਰ

ਬਰਮਿੰਘਮ, 26 ਜੁਲਾਈ – ਉਲੰਪਿਕ ਸੋਨ ਤਗਮਾ ਤੇ ਇਸੇ 24 ਜੁਲਾਈ ਨੂੰ ਵਰਲਡ ਅਥਲੈਟਿਕ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਭਾਰਤ ਦਾ ਜੈਵਲਿਨ ਥਰੋਅਰ 24 ਸਾਲਾ ਨੀਰਜ ਚੋਪੜਾ ਮਾਸਪੇਸ਼ੀਆਂ ਵਿੱਚ ਖਿਚਾਅ ਆਉਣ ਕਾਰਨ ਬਰਮਿੰਘਮ ‘ਕਾਮਨਵੈਲਥ ਗੇਮਜ਼ 2022’ ਵਿੱਚੋਂ ਬਾਹਰ ਹੋ ਗਿਆ ਹੈ। ਤਗਮਾ ਜਿੱਤਣ ਦੇ ਮਜ਼ਬੂਤ ਦਾਅਵੇਦਾਰ ਦੇ ਟੂਰਨਾਮੈਂਟ ਵਿੱਚੋਂ ਬਾਹਰ ਹੋਣ ਕਾਰਨ ਭਾਰਤ ਨੂੰ ਵੱਡਾ ਝਟਕਾ ਲੱਗਿਆ ਹੈ। ਕਾਮਨਵੈਲਥ ਖੇਡਾਂ 28 ਜੁਲਾਈ ਦਿਨ ਵੀਰਵਾਰ ਤੋਂ ਸ਼ੁਰੂ ਹੋ ਰਹੀਆਂ ਹਨ ਤੇ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਨੀਰਜ ਚੋਪੜਾ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਵਿਸ਼ਵ ਪੱਧਰੀ ਮੁਕਾਬਲਾ ਖੇਡ ਨਹੀਂ ਸਕੇਗਾ। ਇੰਡੀਅਨ ਉਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜੀਵ ਮਹਿਤਾ ਨੇ ਦੱਸਿਆ ਕਿ ਨੀਰਜ ਦਾ ਅਮਰੀਕਾ ਵਿੱਚ ਸੋਮਵਾਰ ਨੂੰ ਐਮਆਰਆਈ ਸਕੈਨ ਕੀਤਾ ਗਿਆ ਸੀ ਤੇ ਉਸ ਨੂੰ ਇਕ ਮਹੀਨੇ ਦਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਖਿਡਾਰੀ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਨੀਰਜ ਨੂੰ ਇਹਤਿਆਤੀ ਤੌਰ ‘ਤੇ ਉਸ ਨੂੰ ਇਕ ਮਹੀਨਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਨੀਰਜ ਦੂਜਾ ਭਾਰਤੀ ਅਥਲੀਟ ਹੈ ਜਿਸ ਨੇ ਵਰਲਡ ਚੈਂਪੀਅਨਸ਼ਿਪ ਯੂਜੀਨ ਵਿੱਚ ਤਗਮਾ ਜਿੱਤਿਆ ਸੀ। ਇਸ ਤੋਂ ਪਹਿਲਾਂ ਲੰਬੀ ਛਾਲ ਮਾਰਨ ਵਾਲੀ ਅੰਜੂ ਬੌਬੀ ਜਾਰਜ ਨੇ ਪੈਰਿਸ 2003 ਉਲੰਪਿਕਸ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ।