ਕਾਮਨਵੈਲਥ ਗੇਮਜ਼ 2022: ਬਰਮਿੰਘਮ ਵਿਖੇ ਗੇਮਜ਼ ਦੀ ਰੰਗਾ ਰੰਗ ਸ਼ੁਰੂਆਤ ਹੋਈ

ਬਰਮਿੰਘਮ, 28 ਜੁਲਾਈ – ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਖੇ ਕਾਮਨਵੈਲਥ ਗੇਮਜ਼ ਦੀ ਓਪਨਿੰਗ ਸੈਰੇਮਨੀ ਅਲੈਗਜ਼ੈਂਡਰਾ ਸਟੇਡੀਅਮ ਵਿੱਚ ਹੋਈ, ਜਿਸ ਵਿੱਚ ਕਾਮਨਵੈਲਥ ਨਾਲ ਸੰਬੰਧਿਤ 72 ਦੇਸ਼ ਹਿੱਸਾ ਲੈ ਰਹੇ ਹਨ। ਅੱਜ ਖੇਡਾਂ ਦਾ ਰੰਗਾ ਰੰਗ ਆਗਾਜ਼ ਕੀਤਾ ਗਿਆ। ਪਹਿਲੀਆਂ ਰਾਸ਼ਟਰਮੰਡਲ ਖੇਡਾਂ 1930 ਵਿੱਚ ਹੋਈਆਂ ਸਨ, ਉਦੋਂ ਤੱਕ ਇਸ ਨੂੰ ਬ੍ਰਿਟਿਸ਼ ਸਾਮਰਾਜ ਖੇਡਾਂ ਵਜੋਂ ਜਾਣਿਆ ਜਾਂਦਾ ਸੀ।
ਨਿਊਜ਼ੀਲੈਂਡ ਦੀ ਟੀਮ ਵਿੱਚ 19 ਖੇਡਾਂ ਅਤੇ 2 ਪੈਰਾ-ਸਪੋਰਟਸ ਦੇ 233 ਖਿਡਾਰੀ ਸ਼ਾਮਲ ਹਨ। ਇਸ ਵਿੱਚ 125 ਅਥਲੀਟ ਔਰਤਾਂ ਅਤੇ 108 ਪੁਰਸ਼ ਸ਼ਾਮਿਲ ਹਨ। ਨਿਊਜ਼ੀਲੈਂਡ ਨੇ 2018 ਦੀਆਂ ਕਾਮਨਵੈਲਥ ਵਿੱਚ 46 ਤਗਮੇ ਜਿੱਤੇ ਸਨ ਜਿਸ ਵਿੱਚ 15 ਸੋਨੇ ਦੇ ਤਗਮੇ ਸ਼ਾਮਿਲ ਸਨ। ਇਸ ਵਾਰ ਦੀਆਂ ਖੇਡਾਂ ਵਿੱਚ ਜੋਏਲ ਕਿੰਗ ਅਤੇ ਟੌਮ ਵਾਲਸ਼ ਨੂੰ ਬਰਮਿੰਘਮ ਵਿੱਚ ਨਿਊਜ਼ੀਲੈਂਡ ਦੇ ਝੰਡਾਬਰਦਾਰ ਵਜੋਂ ਦੇਸ਼ ਦੀ ਅਗਵਾਈ ਕੀਤੀ।
ਇਸ ਵਿੱਚ ਭਾਰਤ ਦੇ 200 ਤੋਂ ਵੱਧ ਐਥਲੀਟ ਹਿੱਸਾ ਲੈ ਰਹੇ ਹਨ। ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਦੋ ਵਾਰ ਦੀ ਉਲੰਪਿਕ ਤਗਮਾ ਜੇਤੂ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਭਾਰਤੀ ਤਿਰੰਗਾ ਫੜ੍ਹ ਕੇ ਉਦਘਾਟਨੀ ਸਮਾਰੋਹ ਵਿੱਚ ਟੀਮ ਦੀ ਅਗਵਾਈ ਕੀਤੀ।