ਕਾਰਲ ਮਾਰਕਸ ਦੇ ਜਨਮ ਦਿਨ ‘ਤੇ ਵਿਚਾਰ-ਚਰਚਾ

ਲੋਕ-ਮੁਕਤੀ ਦਾ ਮਾਰਗ-ਦਰਸ਼ਕ ਮਾਰਕਸੀ ਫ਼ਲਸਫਾ: ਬੁੱਧੀਜੀਵੀਆਂ ਦਾ ਵਿਚਾਰ
ਜਲੰਧਰ, 5 ਮਈ – ੫ ਮਈ 1818 ਨੂੰ ਜਨਮੇ ਕਾਰਲ ਮਾਰਕਸ ਦੇ 199ਵੇਂ ਜਨਮ ਦਿਹਾੜੇ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਉਹਨਾਂ ਦੀਆਂ ਫ਼ਲਸਫਾਨਾ, ਅਨੇਕਾਂ ਵਿਸ਼ਿਆਂ ‘ਤੇ ਸਿਰਜੀਆਂ ਰਚਨਾਵਾਂ ਅਤੇ ਲੁੱਟ ਰਹਿਤ ਸਮਾਜ ਦੀ ਉਸਾਰੀ ਦੇ ਸਿਧਾਂਤ ਉਪਰ ਗੰਭੀਰ ਵਿਚਾਰ ਚਰਚਾ ਕੀਤੀ।
ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ‘ਚ ਹੋਏ ਇਸ ਸਮਾਗਮ ‘ਚ ਸ਼ਹੀਦ ਭਗਤ ਸਿੰਘ ਦੇ ਸਾਥੀ ਬੈਕੁੰਠ ਨਾਥ ਸ਼ੁਕਲ (ਜਨਮ 5 ਮਈ 1907) ਅਤੇ ਪ੍ਰੀਤੀ ਲਤਾ ਵਾਡੇਕਰ (5 ਮਈ 1911) ਨੂੰ ਵੀ ਇਸ ਰੋਜ਼ ਉਹਨਾਂ ਦੇ ਜਨਮ ਦਿਹਾੜੇ ‘ਤੇ ਯਾਦ ਕੀਤਾ ਗਿਆ।
ਵਿਚਾਰ ਚਰਚਾ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ, ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਸਮਾਗਮ ‘ਚ ਕਮੇਟੀ ਵੱਲੋਂ ਦੋਵੇਂ ਵਕਤਾ ਡਾ. ਪਰਮਿੰਦਰ, ਕਾਮਰੇਡ ਜਗਰੂਪ, ਸਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਮੰਚ ਸੰਚਾਲਕ ਅਮੋਲਕ ਸਿੰਘ ਮੰਚ ‘ਤੇ ਸਸ਼ੋਭਤ ਸਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਨੇ ਸਮਾਗਮ ਦਾ ਆਗਾਜ਼ ਕਰਦਿਆਂ ਕਿਹਾ ਕਿ ਕਾਰਲ ਮਾਰਕਸ ਦੇ ਜਨਮ ਨੂੰ ਭਾਵੇਂ ਦੋ ਸਦੀਆਂ ਬੀਤ ਗਈਆਂ ਪਰ ਉਹਨਾਂ ਦੇ ਪੈਦਾਵਾਰੀ ਪ੍ਰਬੰਧ ਬਾਰੇ ਨਿਰਣੇ, ਸਮਾਜ ਦਾ ਅਧਿਐਨ ਕਰਨ ਦਾ ਵਿਗਿਆਨਕ ਜਮਾਤੀ ਨਜ਼ਰੀਆ, ਸਮਾਜ ਅੰਦਰ ਫੈਲੀਆਂ ਮਾਨਵ ਵਿਰੋਧੀ ਕੁੱਲ ਅਲਾਮਤਾਂ ਦੀ ਜੜ੍ਹ ਅਤੇ ਇਹ ਜੜ੍ਹ ਪੁੱਟਣ ਦੇ ਲਾਜ਼ਮੀ ਸੁਆਲ ਨੂੰ ਵਿਸ਼ਵ ਦੇ ਅਜੰਡੇ ‘ਤੇ ਲਿਆਉਣ ਦੀ ਦੇਣ ਅੱਜ ਹੋਰ ਵੀ ਪ੍ਰਸੰਗਕ ਅਤੇ ਸਾਰਥਕ ਹੈ।
ਜਨਰਲ ਸਕੱਤਰ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਮਾਰਕਸਵਾਦੀ ਦਰਸ਼ਨ ਹੀ ਸਰਵੋਤਮ ਦਰਸ਼ਨ ਹੈ ਜਿਹੜਾ ਦੁਨੀਆਂ ਭਰ ਦੇ ਲੋਕਾਂ ਦੀ ਮੁਕਤੀ ਦਾ ਮਾਰਗ-ਦਰਸ਼ਕ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਨੇ ‘ਕਾਰਲ ਮਾਰਕਸ ਦੀਆਂ ਹਿੰਦੋਸਤਾਨ ਬਾਰੇ ਲਿਖਤਾਂ ਦਾ ਮਹੱਤਵ’ ਵਿਸ਼ੇ ਉਪਰ ਬੋਲਦਿਆਂ ਕਿਹਾ ਕਿ ਦੂਜਿਆਂ ਦੀ ਕਿਰਤ ਹੜੱਪਕੇ ਪਲਣ ਵਾਲੀਆਂ ਅਤੇ ਕਿਰਤ ਲੁਟਾ ਰਹੀਆਂ ਜਮਾਤਾਂ ਅੰਦਰ ਪਨਪਦੇ ਵਿਰੋਧ ਦੀ ਤੰਦ ਸਫ਼ਲਤਾ ਨਾਲ ਫੜਦਿਆਂ ਕਾਰਲ ਮਾਰਕਸ ਨੇ ਇਹ ਸਿਧਾਂਤ ਸਾਹਮਣੇ ਲਿਆਂਦਾ ਕਿ ਜਮਾਤੀ ਰਾਜ ਖਤਮ ਕਰਕੇ ਹਕੀਕੀ ਆਜ਼ਾਦੀ, ਖਰੀ ਜਮਹੂਰੀਅਤ, ਸਮਾਜਵਾਦ ਅਤੇ ਕਮਿਊਨਿਜ਼ਮ ਵੱਲ ਸਫ਼ਲਤਾ ਨਾਲ ਵਧਿਆ ਜਾ ਸਕਦਾ ਹੈ।
ਡਾ. ਪਰਮਿੰਦਰ ਨੇ ਇਤਿਹਾਸਕ ਹਵਾਲਿਆਂ ਨਾਲ ਦਰਸਾਇਆ ਕਿ ਸਾਡੇ ਦੇਸ਼ ਅੰਦਰ ਰੇਲਾਂ, ਸੜਕਾਂ, ਨਹਿਰਾਂ ਦਾ ਜਾਲ, ਸਾਡੇ ਮੁਲਕ ਦੀ ਤਰੱਕੀ ਲਈ ਨਹੀਂ ਸੀ ਸਗੋਂ ਬਰਤਾਨਵੀ ਸਾਮਰਾਜ ਦੀਆਂ ਆਰਥਕ ਅਤੇ ਫੌਜੀ ਲੋੜਾਂ ਦੀ ਪੂਰਤੀ ਲਈ ਕੀਤਾ ਗਿਆ ਸੀ। ਅਜੇਹੇ ਲੁੱਟ ਅਤੇ ਦਾਬੇ ਤੇ ਅਧਾਰਤ ‘ਵਿਕਾਸ’ ਨੇ ਅਸਲ ‘ਚ ਸਾਡੇ ਮੁਲਕ ਦੀ ਦਸਤਕਾਰੀ ਨੂੰ ਤਬਾਹ ਕਰਨ ਦਾ ਕੰਮ ਕੀਤਾ। ਮਾਰਕਸ ਅਜਿਹੇ ਪ੍ਰਬੰਧ ਨੂੰ ਸਾਡੇ ਮੁਲਕ ਦਾ ਖ਼ੂਨ ਚੂਸਣ ਦਾ ਨਾਂਅ ਦਿੰਦੇ ਹਨ।
ਉਹਨਾਂ ਕਿਹਾ ਕਿ ਲੈਨਿਨ ਨੇ ਕੌਮੀ ਮੁਕਤੀ ਲਹਿਰਾਂ ਦਾ ਜੋ ਮਾਰਗ ਦਰਸ਼ਨ ਪੇਸ਼ ਕੀਤਾ ਉਸਦੀ ਅਧਾਰਸ਼ਿਲਾ ਮਾਰਕਸੀ ਦਰਸ਼ਨ ਅਤੇ ਰਾਜਨੀਤੀ ਅੰਦਰ ਸਮੋਈ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਜਗਰੂਪ ਨੇ ‘ਕਾਰਲ ਮਾਰਕਸ ਦੀ ਸਿਧਾਂਤਕ ਅਤੇ ਦਾਰਸ਼ਨਿਕ ਦੇਣ’ ਵਿਸ਼ੇ ਉਪਰ ਬੋਲਦਿਆਂ ਕਿਹਾ ਕਿ ਕਾਰਲ ਮਾਰਕਸ ਦਾ ਵਿਗਿਆਨ ਸ਼ੁਰੂ ਹੀ ਇਥੋਂ ਹੁੰਦਾ ਹੈ ਉਹਨਾਂ ਕਿਹਾ ਸੀ,”ਹੁਣ ਤੱਕ ਦਾ ਫਲਸਫਾ ਹਾਲਾਤ ਦੀ ਸਿਰਫ਼ ਫੋਟੋਗਰਾਫੀ ਕਰਦਾ ਹੈ, ਭਾਵ ਹਾਲਾਤ ਬਿਆਨੀ ਕਰਦਾ ਹੈ ਜਦੋਂ ਕਿ ਅਸਲ ਮੁੱਦਾ ਤਾਂ ਅਜੋਕੇ ਸਮਾਜ ਨੂੰ ਬਦਲਣ ਦਾ ਹੈ।”
ਕਾਮਰੇਡ ਜਗਰੂਪ ਨੇ ਜ਼ੋਰ ਦੇ ਕੇ ਕਿਹਾ ਕਿ ਮਾਰਕਸ ਨੇ ਧਰਮ ਸਮੇਤ ਹਰੇਕ ਮਸਲੇ ਬਾਰੇ ਬਹੁਤ ਹੀ ਗਹਿਰਾਈ, ਬਾਰੀਕੀ ਅਤੇ ਵਿਗਿਆਨ ਆਧਾਰ ਤੇ ਵਿਸ਼ਲੇਸ਼ਣ ਕੀਤਾ ਅਤੇ ਇਨਕਲਾਬੀ ਸਮਾਜਕ ਤਬਦੀਲੀ ਦਾ ਸਿਧਾਂਤ ਸਾਹਮਣੇ ਲਿਆਂਦਾ।
ਸਰਮਾਇਆਦਾਰੀ ਪ੍ਰਬੰਧ ਸ਼ੁਰੂ ਕਿਵੇਂ ਹੁੰਦੈ, ਵਧਦਾ ਫੁਲਦਾ ਕਿਵੇਂ ਹੈ ਅਤੇ ਆਪਣੀ ਮੌਤ ਕਿਵੇਂ ਮਰਦਾ ਹੈ ਇਹਨਾਂ ਤਿੰਨ ਨੁਕਤਿਆਂ ਬਾਰੇ ਮਾਰਕਸ ਦੀ ਇਤਿਹਾਸਕ ਦੇਣ ਬਾਰੇ ਜਗਰੂਪ ਨੇ ਰੌਸ਼ਨੀ ਪਾਈ।
ਕਾਮਰੇਡ ਜਗਰੂਪ ਨੇ ਵਿਸ਼ੇਸ਼ ਅੰਦਾਜ਼ ਵਿੱਚ ਇਤਿਹਾਸਕ ਹਵਾਲਾ ਦਿੰਦਿਆਂ ਕਿਹਾ ਕਿ,”ਮਾਰਕਸਵਾਦ ਨੂੰ ਉਸਦੇ ਅਖੌਤੀ ਵਾਰਸਾਂ ਤੋਂ ਦੁਸ਼ਮਣਾਂ ਨਾਲੋਂ ਵੀ ਵਧੇਰੇ ਖ਼ਤਰਾ ਹੈ।” ਇਹ ਗੱਲ ਭਾਵੇਂ ਬਹੁਤ ਸਮਾਂ ਪਹਿਲਾਂ ਕਹੀ ਗਈ ਸੀ ਪਰ ਅੱਜ ਵੀ ਇਹੋ ਸੱਚ ਹੈ।
ਪ੍ਰਧਾਨਗੀ ਮੰਡਲ ਵੱਲੋਂ ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ ਨੇ ਕਿਹਾ ਕਿ ਮਾਰਕਸੀ ਫਲਸਫੇ ਦੀ ਰੌਸ਼ਨੀ ‘ਚ ਸਮੇਂ ਦੀ ਲੋੜ ਹੈ ਕਿ ਮੁਲਕ ਅੰਦਰ ਸਿਰ ਚੁੱਕ ਰਹੇ ਫ਼ਿਰਕੂ ਫਾਸ਼ੀ ਖ਼ਤਰੇ ਦਾ ਟਾਕਰਾ ਕਰਨ ਲਈ ਵਿਚਾਰ ਅਤੇ ਅਮਲ ਦੇ ਸੁਮੇਲ ਉਪਰ ਜ਼ੋਰ ਦਿੱਤਾ ਜਾਵੇ।
ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਨੇ ਅਜੇਹੇ ਢੁਕਵੇਂ ਮੌਕਿਆਂ ਅਤੇ ਵਿਸ਼ਿਆਂ ਉਪਰ ਨਿਰੰਤਰ ਵਿਚਾਰ ਗੋਸ਼ਟੀਆਂ ਕਰਨ ਦਾ ਭਰੋਸਾ ਦੁਆਉਂਦਿਆਂ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਜਗਰੂਪ ਦੁਆਰਾ ਰਚਿਤ ਪੁਸਤਕ ‘ਇਨਕਲਾਬੀ ਦਰਸ਼ਨ’ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀ ਗਈ।
ਸਮਾਗਮ ‘ਚ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਕਮੇਟੀ ਮੈਂਬਰ ਹਰਵਿੰਦਰ ਭੰਡਾਲ, ਡਾ. ਕਰਮਜੀਤ, ਬਲਬੀਰ ਕੌਰ ਬੁੰਡਾਲਾ, ਦੇਵ ਰਾਜ ਨਯੀਅਰ, ਰਣਜੀਤ ਸਿੰਘ ਔਲਖ, ਮਨਜੀਤ ਸਿੰਘ ਤੋਂ ਇਲਾਵਾ ਡਾ. ਸੇਵਾ ਸਿੰਘ, ਗੁਰਮੀਤ ਕੌਰ ਧਾਮੀ, ਇਕਬਾਲ ਧਾਮੀ, ਬਲਵਿੰਦਰ ਕੌਰ, ਗੁਰਦੀਪ ਸਿੰਘ ਸੰਧਰ, ਡਾ. ਜਗਜੀਤ ਸਿੰਘ ਚੀਮਾ, ਗਿਆਨ ਸਿੰਘ ਸੈਦਪੂਰੀ, ਬੂਟਾ ਸਿੰਘ, ਹਰਮੇਸ਼ ਮਾਲੜੀ, ਤਰਸੇਮ ਪੀਟਰ, ਕਸ਼ਮੀਰ ਘੁੱਗਸ਼ੋਰ, ਸੁਖਦੇਵ ਸਿੰਘ ਬਿਲਗਾ, ਪ੍ਰੋ. ਗੋਪਾਲ ਬੁੱਟਰ, ਮਨਦੀਪ ਨਿਰਮੋਹੀ, ਐਡਵੋਕੇਟ ਅਮਰਜੀਤ ਬਾਈ ਅੰਮ੍ਰਿਤਸਰ, ਸ਼ਾਮ ਲਾਲ ਤੇ ਕੇਸਰ ਆਦਿ ਹਾਜ਼ਰ ਸਨ।