ਕੀ ਮਨਜੀਤ ਸਿੰਘ ਜੀਕੇ ਦਾ ਰਾਜਸੀ ਭਵਿਖ ਧੁੰਦਲਾ ਗਿਐ?

ਦਿੱਲੀ ਦੇ ਰਾਜਸੀ ਹਲਕਿਆਂ ਵਿੱਚ ਚਲ ਰਹੀ ਚਰਚਾ ਅਨੁਸਾਰ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਸ਼ਿਕਾਰ ਬਣਾ ਜਿਸਤਰ੍ਹਾਂ ਮਨਜੀਤ ਸਿੰਘ ਜੀਕੇ ਨੂੰ ਰਾਜਸੀ ਮੰਚ ਤੋਂ ਪਿਛੇ ਧੱਕ ਦਿੱਤਾ ਗਿਆ ਹੈ, ਉਸਤੋਂ ਖੁਸ਼ ਹੋ ਉਨ੍ਹਾਂ ਦੇ ਕਈ ਵਿਰੋਧੀਆਂ ਵਲੋਂ ਬਗਲਾਂ ਵਜਾਈਆਂ ਜਾ ਰਹੀਆਂ ਹਨ। ਇਸਦਾ ਕਾਰਣ ਇਹ ਹੈ ਕਿ ਉਨ੍ਹਾਂ ਇਹ ਮੰਨ ਲਿਆ ਹੈ ਕਿ ਇਸ ਸਾਜ਼ਸ਼ ਦੇ ਤਹਿਤ ਜੀਕੇ ਦਾ ਰਾਜਸੀ ਭਵਿਖ ਪੂਰੀ ਤਰ੍ਹਾਂ ਧੁੰਦਲਾ ਗਿਆ ਹੈ। ਹੁਣ ਉਹ ਸ਼ਾਇਦ ਹੀ ਸਿੱਖ ਰਾਜਨੀਤੀ ਦੇ ਕਿਸੇ ਮੰਚ ਪੁਰ ਉਭਰ ਸਕਣ। ਇਸਦੇ ਵਿਰੁਧ ਕੁਝ ਅਕਾਲੀਆਂ ਦੀ ਮਾਨਤਾ ਇਹ ਵੀ ਹੈ ਕਿ ਜੋ ਇਹ ਸਮਝ, ਬਗਲਾਂ ਵਜਾ ਰਹੇ ਹਨ ਕਿ ਮਨਜੀਤ ਸਿੰਘ ਜੀਕੇ ਦਾ ਰਾਜਸੀ ਮੰਚ ਤੇ ਹੁਣ ਮੁੜ ਕੇ ਉਭਰ ਪਾਣਾ ਸੰਭਵ ਨਹੀਂ ਰਹਿ ਗਿਆ, ਉਹ ਬਹੁਤ ਵੱਡੇ ਭੁਲੇਖੇ ਵਿੱਚ ਹਨ। ਉਨ੍ਹਾਂ ਅਨੁਸਾਰ ਵਰਤਮਾਨ ਰਾਜਨੈਤਿਕ ਹਾਲਾਤ ਨੇ ਮਨਜੀਤ ਸਿੰਘ ਜੀਕੇ ਨੂੰ ਖਰੇ-ਖੋਟੇ ਦੀ ਪਛਾਣ ਕਰਵਾ ਦਿੱਤੀ ਹੈ। ਉਨ੍ਹਾਂ ਨੂੰ ਪਤਾ ਚਲ ਗਿਆ ਹੈ ਕਿ ਉਹ ਆਪਣੇ ਵਫਾਦਾਰ ਸਾਥੀ ਮੰਨ ਜਿਨ੍ਹਾਂ ਪੁਰ ਅਟੁਟ ਵਿਸ਼ਵਾਸ ਕਰਦੇ ਆ ਰਹੇ ਸਨ, ਅੱਜ ਉਨ੍ਹਾਂ ਵਿਚੋਂ ਕੌਣ-ਕੌਣ ਉਨ੍ਹਾਂ ਨਾਲ ਖੜਾ ਰਹਿ ਗਿਆ ਹੈ ਅਤੇ ਕੌਣ-ਕੌਣ ਉਨ੍ਹਾਂ ਦਾ ਸਾਥ ਛੱਡ ਵਿਰੋਧੀਆਂ ਨਾਲ ਜਾ ਖੜਾ ਹੋਇਆ ਹੈ।
ਕੁਝ ਬਜ਼ੁਰਗ ਅਕਾਲੀ, ਜੋ ਕਿਸੇ ਸਮੇਂ ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਬਹੁਤ ਸਰਗਰਮ ਰਹੇ ਸਨ, ਬਦਲੇ ਹਾਲਾਤ ਤੋਂ ਨਿਰਾਸ਼ ਹੋ ਬੀਤੇ ਕਾਫੀ ਸਮੇਂ ਤੋਂ ਸਰਗਰਮ ਰਾਜਨੀਤੀ ਤੋਂ ਪਿਛੇ ਹਟ, ਘਰ ਜਾ ਬੈਠੇ ਹਨ, ਦਸਦੇ ਹਨ ਕਿ ਜ. ਸੰਤੋਖ ਸਿੰਘ ਦਾ ਅਚਾਨਕ ਕਤਲ ਹੋ ਜਾਣ ਤੋਂ ਬਾਅਦ, ਉਨ੍ਹਾਂ ਦੇ ਕੁਝ ਸਾਥੀ ਚਾਹੁੰਦੇ ਸਨ ਕਿ ਜਥੇਦਾਰ ਜੀ ਦੇ ਕੁ-ਸਮੇਂ ਵਿਦਾ ਹੋ ਜਾਣ ਦੇ ਫਲਸਰੂਪ, ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਜੋ ਖਲਾਅ ਪੈਦਾ ਹੋਇਆ ਹੈ, ਉਸਨੂੰ ਭਰਨ ਲਈ ਮਨਜੀਤ ਸਿੰਘ ਜੀਕੇ, ਜੋ ਕਿ ਰਾਜਨੀਤੀ ਵਿੱਚ ਦਿਲਚਸਪੀ ਲੈਂਦਿਆਂ ਕਈ ਸਮਾਗਮਾਂ ਵਿੱਚ ਜਥੇਦਾਰ ਜੀ ਨਾਲ ਹੁੰਦੇ ਸਨ, ਨੂੰ ਅਗੇ ਲੈ ਆਂਦਾ ਜਾਏ। ਪ੍ਰੰਤੂ ਮਨਜੀਤ ਸਿੰਘ ਜੀਕੇ ਦੇ ਮਾਤਾ, ਜੋ ਹਰ ਉਤਾਰ-ਚੜ੍ਹਾਅ ਸਮੇਂ ਜਥੇਦਾਰ ਜੀ ਨਾਲ ਖੜੇ ਹੁੰਦੇ ਰਹੇ, ਸਮਝਦੇ ਸਨ ਕਿ ਮਨਜੀਤ ਸਿੰਘ ਅਜੇ ਰਾਜਨੀਤੀ ਵਿੱਚ ਨਿਤ ਸਾਹਮਣੇ ਆਉਣ ਵਾਲੇ ਥਪੇੜਿਆਂ ਦਾ ਸਾਹਮਣਾ ਕਰਨ ਦੇ ਸਮਰਥ ਨਹੀਂ ਹੋ ਸਕਿਆ। ਇਸਲਈ ਉਸਨੂੰ ਸਿੱਖ ਰਾਜਨੀਤੀ ਦੇ ਨਿਤ ਬਦਲਦੇ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰ ਪਾਣ ਦੇ ਸਮਰਥ ਹੋਣ ਵਿੱਚ ਸਮੇਂ ਦੀ ਲੋੜ ਹੈ। ਇਸਲਈ ਉਨ੍ਹਾਂ ਜਥੇਦਾਰ ਜੀ ਤੋਂ ਤੁਰੰਤ ਬਾਅਦ ਹੀ ਉਸਨੂੰ ਰਾਜਸੀ ਪਿੜ ਵਿੱਚ ਉਤਾਰੇ ਜਾਣ ਦੀ ਸੋਚ ਪ੍ਰਤੀ ਸਹਿਮਤੀ ਨਹੀਂ ਦਿੱਤੀ। ਜਦੋਂ ਉਨ੍ਹਾਂ ਵੇਖਿਆ ਕਿ ਜ. ਸੰਤੋਖ ਸਿੰਘ ਦੇ ਜੀਵਨ ਵਿੱਚ ਆਉਂਦੇ ਰਹੇ ਉਤਾਰ-ਚੜ੍ਹਾਵਾਂ ਦੀ ਰੋਸ਼ਨੀ ਵਿੱਚ, ਉਨ੍ਹਾਂ (ਮਾਤਾ) ਵਲੋਂ ਕੀਤੇ ਗਏ ਮਾਰਗ-ਦਰਸ਼ਨ ਦੇ ਫਲਸਰੂਪ ਮਨਜੀਤ ਸਿੰਘ ਰਾਜਸੀ ਪਿੜ ਦੇ ਥਪੇੜਿਆਂ ਦਾ ਸਾਹਮਣਾ ਕਰਨ ਦੇ ਸਮਰਥ ਹੋ ਗਿਐ, ਤਾਂ ਜਾ ਕੇ ਉਨ੍ਹਾਂ ਸਹਿਮਤੀ ਦੇ, ਮਨਜੀਤ ਸਿੰਘ ਜੀਕੇ ਨੂੰ ਰਾਜਸੀ ਪਿੜ ਵਿੱਚ ਉਤਾਰਿਆ। ਉਨ੍ਹਾਂ ਬਜ਼ੁਰਗ ਅਕਾਲੀਆਂ ਦਾ ਦਾਅਵਾ ਹੈ ਕਿ ਇਸ ਕਰਕੇ ਸਵੀਕਾਰ ਕਰ ਲੈਣਾ ਚਾਹੀਦਾ ਹੈ, ਕਿ ਸੂਝਵਾਨ ਮਾਤਾ ਦੇ ਮਾਰਗ ਦਰਸ਼ਨ ਵਿੱਚ ਤਿਆਰ ਹੋਇਆ ਮਨਜੀਤ ਸਿੰਘ ਜੀਕੇ ਜਲਦੀ ਕੀਤੇ ਹਾਰ ਮੰਨਣ ਲਈ ਤਿਆਰ ਨਹੀਂ ਹੋਵੇਗਾ।
ਗਲ ਦਿੱਲੀ ਗੁਰਦੁਆਰਾ ਕਮੇਟੀ ਦੀ ਸਾਖ ਦੀ : ਬੀਤੇ ਲੰਮੇਂ ਸਮੇਂ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭ੍ਰਿਸ਼ਟਾਚਾਰ ਦੇ ਬਹੁਤ ਹੀ ਗੰਭੀਰ ਦੋਸ਼ਾਂ ਨਾਲ ਜੂਝਦੀ ਚਲੀ ਆ ਰਹੀ ਹੈ, ਭਾਵੇਂ ਇਸ ਸਥਿਤੀ ਵਿਚੋਂ ਉਭਰਨ ਲਈ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗੁਰਦੁਆਰਾ ਪ੍ਰਬੰਧ ਵਿਚੋਂ ਬਾਹਰ ਕਰ, ਨਵੇਂ ਸਿਰੇ ਤੋਂ ਪ੍ਰਬੰਧਕੀ ਜ਼ਿਮੇਂਦਾਰੀਆਂ ਦੀ ਵੰਡ ਕਰ ਦਿੱਤੀ ਗਈ ਹੈ ਅਤੇ ਕਮੇਟੀ ਦੇ ਨਵ-ਨਿਯੁਕਤ ਮੁੱਖ ਸਲਾਹਕਾਰ ਕੁਲਵੰਤ ਸਿੰਘ ਬਾਠ ਨੇ ਵਿਸ਼ਵਾਸ ਦੁਆਇਆ ਹੈ ਕਿ ਗੁਰਦੁਆਰਾ ਪ੍ਰਬੰਧ ਵਿੱਚ ਪੂਰੀ ਤਰ੍ਹਾਂ ਪਾਰਦਰਸ਼ਿਤਾ ਲਿਆਂਦੀ ਜਾਇਗੀ, ਫਿਰ ਵੀ ਅਜਿਹੀ ਕੋਈ ਸੰਭਾਵਨਾ ਵਿਖਾਈ ਨਹੀਂ ਦੇ ਰਹੀ ਜਿਸਦੇ ਚਲਦਿਆਂ ਇਹ ਸਵੀਕਾਰ ਕਰ ਲਿਆ ਜਾਏ ਕਿ ਗੁਰਦੁਆਰਾ ਪ੍ਰਬੰਧ ਵਿੱਚ ਕੀਤਾ ਗਿਆ ਇਹ ਬਦਲਾਉ, ਛੇਤੀ ਕੀਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੁਰੀ ਤਰ੍ਹਾਂ ਡਿਗ ਚੁਕੀ ਸਾਖ ਵਿੱਚ ਕੋਈ ਵਰਣਨਯੋਗ ਸੁਧਾਰ ਲਿਆਉਣ ਵਿੱਚ ਸਫਲ ਹੋ ਜਾਇਗਾ! ਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਗੁਰਦੁਆਰਾ ਕਮੇਟੀ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਮੀਡੀਆ ਵਿੱਚ ਜਿਸਤਰ੍ਹਾਂ ਪ੍ਰਚਾਰ ਹੋਇਆ ਹੈ, ਉਸ ਨਾਲ ਆਮ ਸਿੱਖਾਂ ਵਿੱਚ ਹੀ ਨਹੀਂ, ਸਗੋਂ ਗੈਰ-ਸਿੱਖਾਂ ਵਿੱਚ ਵੀ ਇਹ ਸੰਦੇਸ਼ ਚਲਾ ਗਿਆ ਹੈ ਕਿ ਗੁਰਦੁਆਰਾ ਕਮੇਟੀ ਵਿੱਚ ਫੈਲੇ ਭ੍ਰਿਸ਼ਟਾਚਾਰ ਲਈ ਕੋਈ ਇੱਕ ਵਿਅਕਤੀ ਨਹੀਂ, ਸਗੋਂ ਸਮੁਚੇ ਰੂਪ ਵਿੱਚ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਜ਼ਿਮੇਂਦਾਰ ਹਨ। ਕੋਈ ਇਹ ਮੰਨਣ ਲਈ ਤਿਆਰ ਨਹੀਂ ਕਿ ਗੁਰਦੁਆਰਾ ਕਮੇਟੀ ਵਿੱਚ ਕਥਤ ਰੂਪ ਵਿੱਚ ਇਤਨੇ ਵੱਡੇ ਪੈਮਾਨੇ ਪੁਰ ਫੈਲੇ ਭ੍ਰਿਸ਼ਟਾਚਾਰ ਲਈ ਕੋਈ ਇੱਕ ਅਹੁਦੇਦਾਰ ਹੀ ਜ਼ਿੰਮੇਂਦਾਰ ਹੋ ਸਕਦਾ ਹੈ। ਆਮ ਲੋਕਾਂ ਵਿੱਚ ਅਜਿਹੇ ਸੰਦੇਸ਼ ਦੇ ਚਲਿਆਂ ਜਾਣ ਕਾਰਣ, ਕਿਸੇ ਵੀ ਤਰ੍ਹਾਂ ਸੰਭਵ ਨਹੀਂ ਜਾਪਦਾ ਕਿ ਕਿਸੇ ਇੱਕ ਵਿਅਕਤੀ ਅਤੇ ਉਸਦੇ ਸਾਥੀਆਂ ਨੂੰ ਪ੍ਰਬੰਧ ਵਿਚੋਂ ਬਾਹਰ ਕਰਕੇ ਕਮੇਟੀ ਦੀ ਡਿਗੀ ਸਾਖ ਨੂੰ ਬਹਾਲ ਕਰ, ਪਟੜੀ ਪੁਰ ਲਿਆਂਦਾ ਜਾ ਸਕੇਗਾ।  
ਸ਼੍ਰੋਮਣੀ ਅਕਾਲੀ ਦਲ ਇਤਿਹਾਸ ਬਣਨ ਜਾ ਰਿਹੈ?: ਬੀਤੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਪੈਦਾ ਹੋਏ ਸੰਕਟ-ਪੂਰਣ ਹਾਲਾਤ ਦੇ ਲਗਾਤਾਰ ਵਿਗੜਦਿਆਂ ਚਲਿਆਂ ਆਉਣ ਦੇ ਕਾਰਣ, ਆਮ ਸਿੱਖਾਂ ਵਿੱਚ ਚਲ ਰਹੀ ਚਰਚਾ ਵਿੱਚ ਬਾਰ-ਬਾਰ ਇਹ ਸੁਆਲ ਪੁਛਿਆ ਜਾਣ ਲਗਾ ਹੈ ਕਿ ਕੀ ਨੇੜ-ਭਵਿਖ ਵਿੱਚ ਸ਼੍ਰੋਮਣੀ ਅਕਾਲੀ ਦਲ ਇਤਿਹਾਸ ਦਾ ਇੱਕ ‘ਕਾਂਡ’ ਹੀ ਬਣ ਕੇ ਰਹਿ ਜਾਇਗਾ? ਇਸ ਸੁਆਲ ਦੇ ਬਾਰ-ਬਾਰ ਉਠਣ ਦਾ ਕਾਰਣ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇੱਕ ਪਾਸੇ ਤਾਂ ਟਕਸਾਲੀ ‘ਤੇ ਸੀਨੀਅਰ ਅਕਾਲੀ ਮੁੱਖੀ, ਜੋ ਸੁਖਬੀਰ ਸਿੰਘ ਬਾਦਲ ਨੂੰ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਨਾ ਮੰਨੇ ਜਾਣ ਕਾਰਣ, ਬਾਦਲ ਅਕਾਲੀ ਦਲ ਨਾਲੋਂ ਨਾਤਾ ਤੋੜ ਚੁਕੇ ਹਨ, ਸ਼੍ਰੋਮਣੀ ਅਕਾਲੀ ਦਲ ਨੂੰ ਉਸਦੀਆਂ ਮੂਲ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਪਟੜੀ ਪੁਰ ਲਿਆਣ ਲਈ ਸੰਘਰਸ਼ ਕਰਨ ਵਿੱਚ ਜੁਟ ਗਏ ਹਨ, ਤਾਂ ਜੋ ਅਕਾਲੀ ਦਲ ਦੀ ਸਥਾਪਨਾ ਦੇ ਨਾਲ ਹੀ ਉਸਦੇ ਸੰਵਿਧਾਨ ਵਿੱਚ ਗੁਰਧਾਮਾਂ ਵਿੱਚ ਸਥਾਪਤ  ਧਾਰਮਕ ਮਰਿਆਦਾਵਾਂ, ਮਾਨਤਾਵਾਂ ਅਤੇ ਪਰੰਪਰਾਵਾਂ ਦੇ ਪਾਲਣ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਣ ਅਤੇ ਇਸਦੇ ਸੰਗਠਨ ਦਾ ਗਠਨ ਪੂਰੀ ਤਰ੍ਹਾਂ ਲੋਕਤਾਂਤ੍ਰਿਕ ਮਾਨਤਾਵਾਂ ਦੇ ਅਧਾਰ ਪੁਰ ਕੀਤੇ ਜਾਣ ਦਾ ਜੋ ਸੰਕਲਪ ਨਿਸ਼ਚਿਤ ਕੀਤਾ ਗਿਆ ਸੀ, ਉਸ ਪੁਰ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਜਾ ਸਕੇ।
ਅਰੰਭਕ ਸਮੇਂ ਵਿੱਚ ਦਲ ਦੇ ਕੌਮੀ ਪ੍ਰਧਾਨ ਤੋਂ ਲੈ ਕੇ ਇਲਾਕਾਈ ਪ੍ਰਧਾਨ ਤਕ, ਕਿਸੇ ਵਿਅਕਤੀ-ਵਿਸ਼ੇਸ਼ ਦੇ ਨਹੀਂ, ਸਗੋਂ ਸਮੁਚੇ ਪੰਥ ਪ੍ਰਤੀ ਜਵਾਬ-ਦੇਹ ਹੋਇਆ ਕਰਦੇ ਸਨ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਮੁੱਖੀ ਪੰਥ ਸਾਹਮਣੇ ਜਵਾਬ-ਦੇਹ ਹੁੰਦਾ ਸੀ, ਇਸ ਕਾਰਣ ਉਹ ਸਮੁਚੇ ਪੰਥ ਪ੍ਰਤੀ ਪੂਰਣ-ਰੂਪ ਵਿਚ ਸਮਰਪਤ ਹੁੰਦਾ। ਜਿਸਦੇ ਚਲਦਿਆਂ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਅਤੇ ਨਾ ਹੀ ਉਸਦੇ ਪ੍ਰਬੰਧ-ਅਧੀਨ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਆਦਿ ਵਿੱਚ ਭ੍ਰਿਸ਼ਟਾਚਾਰ ਹੋਣ ਜਾਂ ਪ੍ਰਬੰਧ ਦੇ ਵਿਗੜਨ ਦੀ ਕੋਈ ਸੰਭਾਵਨਾ ਹੁੰਦੀ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਵਿਰੋਧਾਂ ਦੇ ਬਾਵਜੂਦ ਦਲ ਪੁਰ ਆਪਣੀ ਪਕੜ ਮਜ਼ਬੂਤ ਕਰ, ਉਸਨੂੰ ਪਰਿਵਾਰਕ ਹਿਤਾਂ ਦੀ ਰਖਿਆ ਕਰਨ ਤਕ ਹੀ ਸੀਮਤ ਕਰੀ ਰਖਣਾ ਚਾਹੁੰਦੇ ਹਨ। ਜਿਸਦਾ ਨਤੀਜਾ ਇਹ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜ਼ਮੀਨੀ ਅਧਾਰ ਲਗਾਤਾਰ ਖਿਸਕਦਾ ਜਾ ਰਿਹਾ ਹੈ ਅਤੇ ਫਲਸਰੂਪ ਉਸ ਨਾਲ ਜੁੜੇ ਪੰਥ ਪ੍ਰਤੀ ਸਮਰਪਿਤ ਚਲੇ ਆ ਰਹੇ ਟਕਸਾਲੀ ਮੁੱਖੀ ਉਸ ਨਾਲੋਂ ਟੁਟਦੇ ਜਾ ਰਹੇ ਹਨ ਅਤੇ ਉਹ ਮਾਤ੍ਰ ਇੱਕ ਪਰਿਵਾਰ ਤਕ ਸਿਮਟਦਾ ਹੋ ਜਾ ਰਿਹਾ ਹੈ। 
…ਅਤੇ ਅੰਤ ਵਿੱਚ : ਸ਼ਾਇਦ ਇਹੀ ਕਾਰਣ ਹੈ ਕਿ ਆਮ ਸਿੱਖਾਂ ਵਲੋਂ ਬਾਰ-ਬਾਰ ਇਹ ਸੁਆਲ ਪੁਛਿਆ ਜਾਣ ਲਗਾ ਹੈ ਕਿ ਕੀ ਨੇੜ-ਭਵਿਖ ਵਿੱਚ ਸ਼ਹੀਦਾਂ ਦੀ ਜੱਥੇਬੰਦੀ ਹੋਣ ਦਾ ਦਾਅਵੇਦਾਰ ਸ਼੍ਰੋਮਣੀ ਅਕਾਲੀ ਦਲ ਇਤਿਹਾਸ ਦੇ ਪੰਨਿਆਂ ਤਕ ਹੀ ਸਿਮਟ ਕੇ ਰਹਿ ਜਾਇਗਾ? 
                                   ੦੦੦ 

-ਜਸਵੰਤ ਸਿੰਘ ‘ਅਜੀਤ’ 
Address : Jaswant Singh ‘Ajit’, Flat No. 51, Sheetal Apartment, Plot No. 12,
Sector – 14, Rohini, DELHI-110085
Mobile : + 91 95 82 71 98 90, E-mail : jaswantsinghajit@gmail.com