ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਸਾਰ ਲਵੇ – ਬਾਦਲ

ਚੰਡੀਗੜ੍ਹ, 2 ਅਗਸਤ (ਏਜੰਸੀ) – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਫੌਰੀ ‘ਤੇ ਅਸਰਦਾਇਕ ਦਖ਼ਲ ਦੀ ਮੰਗ ਕਰਦਿਆਂ ਆਖਿਆ ਕਿ ਹੁਣ ਤੱਕ ਦੇ ਸਭ ਤੋਂ ਮਾੜੇ ਮੌਨਸੂਨ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਪੰਜਾਬ ਦੇ ਕਿਸਾਨਾਂ ਨੂੰ ਤੁਰੰਤ 2380 ਕਰੋੜ ਰੁਪਏ ਦਾ ਕੇਂਦਰੀ ਪੈਕੇਜ ਦਿੱਤਾ ਜਾਵੇ।
ਮੁੱਖ ਮੰਤਰੀ ਨੇ ਪੰਜਾਬ ਦੀ ਕਿਰਸਾਣੀ ਨੂੰ ਬਚਾਉਣ ਵਜੋਂ ਪ੍ਰਧਾਨ ਮੰਤਰੀ ਨੂੰ ਦਿੱਤੇ ਗਏ ਇਕ ਮੈਮੋਰੰਡਮ ਰਾਹੀਂ ਉਕਤ ਅਪੀਲ ਕੀਤੀ ਹੈ। ਸ. ਬਾਦਲ ਛੇਤੀ ਹੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਫੌਰੀ ਰਾਹਤ ਲਈ ਪੰਜਾਬ ਨੂੰ ਅਤਿ ਜ਼ਰੂਰੀ ਪੈਕੇਜ ਦੇਣ ਦੀ ਗੁਜਾਰਿਸ਼ ਕਰਨਗੇ।
ਸ. ਬਾਦਲ ਨੇ ਦੱਸਿਆ ਕਿ ਇਸ ਵਰ੍ਹੇ ਦੀ 25 ਜੁਲਾਈ ਤੱਕ ਦੀ ਸੂਬੇ ਵਿੱਚ ਮੌਨਸੂਨ ਦੌਰਾਨ ਰਿਕਾਰਡ ਕੀਤੀ ਗਈ ਬਾਰਸ਼ ਆਮ ਨਾਲੋਂ 65 ਫੀਸਦੀ ਘੱਟ ਹੈ। ਸ. ਬਾਦਲ ਨੇ ਪ੍ਰਧਾਨ ਮੰਤਰੀ ਨੂੰ ਭੇਜੇ ਮੈਮੋਰੰਡਮ ਵਿੱਚ ਦੱਸਿਆ ਕਿ 1960ਵਿਆਂ ਮਗਰੋਂ ਇਕ ਵਾਰ ਫਿਰ ਭਾਰਤ ਖਾਸ ਕਰਕੇ ਪੰਜਾਬ ਅਤੇ ਉੱਤਰੀ ਪੱਛਮੀ ਸੂਬਿਆਂ ਵਿੱਚ ਮੁੜ ਗੰਭੀਰ ਸੋਕੇ ਵਾਲੇ ਹਾਲਾਤ ਪੈਦਾ ਹੋ ਗਏ ਹਨ। ਮੌਨਸੂਨ ਦੇ ਬਾਕੀ ਰਹਿੰਦੇ ਸਮੇਂ ਦੌਰਾਨ ਵੀ ਸਾਉਣੀ ਦੀ ਰੁੱਤ ਦੌਰਾਨ ਬਾਰਸ਼ਾਂ ਦਾ…….. ਕੋਈ ਆਸਾਰ ਨਹੀਂ ਦਿਸ ਰਿਹਾ। ਪੰਜਾਬ ਵਿੱਚ ਘੱਟ ਮੀਂਹ ਪੈਣ ਕਾਰਨ ਸੂਬੇ ਦੀ ਕਿਰਸਾਨੀ ਨੂੰ ਬੁਰੀ ਤਰ੍ਹਾਂ ਮਾਰ ਪਈ ਕਿਉਂ ਜੋ ਇਹ ਸਮਾਂ ਝੋਨੇ ਦੀ ਲੁਆਈ ਦਾ ਸੀ।
ਮੁੱਖ ਮੰਤਰੀ ਨੇ ਦੇਸ਼ ਵਿੱਚ ਖੇਤੀਬਾੜੀ ਖੇਤਰ ਵਿੱਚ ਮੋਹਰੀ ਸੂਬੇ ਵਜੋਂ ਜਾਣੇ ਜਾਂਦੇ ਪੰਜਾਬ ਨਾਲ ਅਪਣਾਏ ਜਾ ਰਹੇ ਅਨਿਆਂ ਭਰੇ ਵਤੀਰੇ ਨੂੰ ਦੁਖਦਾਈ ਦੱਸਿਆ। ਉਨ੍ਹਾਂ ਕਿਹਾ, ”ਅਸੀਂ ਕੌਮ ਦੇ ਅੰਨਦਾਤਾ ਨੂੰ ਬਚਾਉਣ ਲਈ ਸਮੁੱਚੇ ਆਰਥਿਕ ਪੈਕੇਜ ਦੀ ਮੰਗ ਕਰ ਰਹੇ ਹਾਂ। ਦੇਸ਼ ਦੇ ਖੇਤੀਬਾੜੀ ਖੇਤਰ ਵਿੱਚ ਮੋਹਰੀ ਸੂਬੇ ਪੰਜਾਬ ਨੂੰ ਨਜ਼ਰਅੰਦਾਜ਼ ਕਰਕੇ ਹੋਰਨਾਂ ਸੂਬਿਆਂ ਨੂੰ ਵਿੱਤੀ ਪੈਕੇਜ ਐਲਾਨੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਮੌਨਸੂਨ ਦੀ ਕਮੀ ਦੀ ਮਾਰ ਤੋਂ ਬਚਾਉਣ ਲਈ ਵਾਧੂ ਖਰਚਾ ਉਠਾਉਣਾ ਪੈ ਰਿਹਾ ਹੈ ਤਾਂ ਜੋ ਭਾਰਤ ਨੂੰ ਮੁੜ ਪੁਰਾਣੇ ਦਿਨਾਂ ਵਾਂਗ ਸੋਕੇ ਦੇ ਖਦਸ਼ੇ ਨੂੰ ਨਜਿੱਠਣ ਲਈ ਫਿਰ ਬਾਹਰਲੇ ਮੁਲਕਾਂ ਤੋਂ ਅੰਨ ਦੀ ਖੈਰਾਤ ਨਾ ਮੰਗਣੀ ਪਵੇ।
ਮੁੱਖ ਮੰਤਰੀ ਨੇ ਦੱਸਿਆ ਕਿ ਅੰਨਦਾਤੇ ਵਜੋਂ ਜਾਣਿਆ ਪੰਜਾਬ ਜਿਸ ਨੇ ਦੇਸ਼ ਨੂੰ ਸੋਕੇ ਅਤੇ ਪੀ. ਐਲ. 480 ਦੀ ਵਿਰਾਸਤ ਸਦਕਾ ਹੋਏ ਘੋਰ ਨਿਰਾਦਰ ਤੋਂ ਬਚਾਅ ਕੇ ਲਾਜ਼ ਰੱਖੀ ਹੈ, ਨੂੰ ਅਜੋਕੇ ਹਾਲਤਾਂ ਵਿੱਚ ਨਾ ਕੇਵਲ ਨਿਰਾਦਰ ਸਗੋਂ ਮੌਤ ਦਾ ਸੰਤਾਪ ਵੀ ਝੱਲਣਾ ਪੈ ਰਿਹਾ ਹੈ। ਪੰਜਾਬ ਦੇ ਕਿਸਾਨਾਂ ਨੇ ਕੌਮੀ ਹਿੱਤਾਂ ਖਾਤਰ ਆਪਣਾ ਬੇਸ਼ਕੀਮਤੀ ਸਰਮਾਇਆ-ਉਪਜਾਊ ਜ਼ਮੀਨ ਤੇ ਪਾਣੀ ਦੀ ਬਲੀ ਦੇ ਦਿੱਤੀ ਹੈ। ਉਸ ਨੇ ਹਮੇਸ਼ਾ ਹੀ ਇਹ ਸਭ ਕੁਝ ਗੈਰਤ ਅਤੇ ਇਸ ਦੇ ਇਵਜ਼ ਵਿੱਚ ਸਰਕਾਰ ਤੋਂ ਬਿਨਾਂ ਕੁਝ ਮੰਗਿਆ ਗਵਾਇਆ ਹੈ। ਸ. ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨ ਨੂੰ ਬਚਾਇਆ ਗਿਆ ਤਾਂ ਦੇਸ਼ ਇਕ ਵਾਰ ਫਿਰ ਨਿਰਾਦਰੀ ਤੇ ਭੁੱਖਮਰੀ ਦੇ ਬੀਤੇ ਸਮੇਂ ਵਿੱਚ ਚਲਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਕੁਦਰਤੀ ਆਫ਼ਤਾਂ ਦੀਆਂ ਚੁਣੌਤੀਆਂ ਨਾਲ ਨਿਪਟਣ ਦੇ ਆਦੀ ਹਨ ਅਤੇ ਆਪਣੇ ਬਲਬੂਤੇ ‘ਤੇ ਮੁਲਕ ਨੂੰ ਭੁੱਖਮਰੀ ਅਤੇ ਅਪਮਾਨ ਤੋਂ ਬਚਾਉਣ ਲਈ ਆਖਰ ਤੱਕ ਪੂਰੀ ਵਾਹ ਲਾਉਂਦੇ ਹਨ। ਉਹ ਇਸ ਸਾਲ ਫਿਰ ਆਪਣੀ ਸ਼ਕਤੀ ਦਾ ਬੇਮਿਸਾਲ ਪ੍ਰਦਰਸ਼ਨ ਕਰ ਰਹੇ ਹਨ ਪਰ ਇਨ੍ਹਾਂ ਸਾਰੇ ਕਾਰਨਾਂ ਕਰਕੇ ਉਨ੍ਹਾਂ ਦੀ ਕਮਰ ਬੁਰੀ ਤਰ੍ਹਖ਼ਾਂ ਟੁੱਟ ਚੁੱਕੀ ਹੈ ਅਤੇ ਨਤੀਜਨ ਉਨ੍ਹਾਂ ਨੂੰ ਭਵਿੱਖ ਧੁੰਦਲਾ ਨਜ਼ਰ ਆਉਣ ਲੱਗਾ ਹੈ। ਸ. ਬਾਦਲ ਨੇ ਰਾਜ ਸਰਕਾਰ, ਪਾਵਰਕਾਮ ਅਤੇ ਸੂਬੇ ਦੇ ਕਿਸਾਨਾਂ ਨੂੰ ਅਜੋਕੇ ਸੰਕਟ ਨਾਲ ਨਜਿੱਠਣ ਲਈ ਕੀਤੇ ਗਏ ਵਾਧੂ ਖਰਚਿਆਂ ਦੀ ਵਿਸਥਾਰਤ ਜਾਣਕਾਰੀ ਵੀ ਦਿੱਤੀ।
ਸ. ਬਾਦਲ ਨੇ ਦੱਸਿਆ ਕਿ 65 ਫੀਸਦੀ ਘੱਟ ਬਾਰਸ਼ ਹੋਣ ਕਾਰਨ ਕਿਸਾਨਾਂ ਵਲੋਂ 27.80 ਲੱਖ ਹੈਕਟੇਅਰ ਵਿੱਚ ਲਾਏ ਝੋਨੇ ਅਤੇ ਹੋਰ ਸਾਉਣੀ ਦੀਆਂ ਫਸਲਾਂ ਜਿਵੇਂ ਕਿ ਨਰਮਾ ਤੇ ਮੱਕੀ ਆਦਿ ਨੂੰ ਪਾਲਣ ਲਈ ਪੰਪਾਂ ਸੈੱਟਾਂ ਨੂੰ ਚਲਾਉਣ ਲਈ ਡੀਜ਼ਲ ਦੀ ਵਰਤੋਂ ਕਰਨੀ ਪੈ ਰਹੀ ਹੈ। ਇਸ ਨਾਲ 550 ਕਰੋੜ ਰੁਪਏ ਦਾ ਵਾਧੂ ਖਰਚਾ ਬਰਦਾਸ਼ਤ ਕਰਨਾ ਪਵੇਗਾ। ਇਸੇ ਤਰ੍ਹਖ਼ਾਂ ਮੋਨੋ-ਬਲਾਕ ਪੰਪਾਂ ਨੂੰ ਡੂੰਘੇ ਸਬਮਰਸੀਬਲ ਟਿਊਬਵੈਲਾਂ ਵਿੱਚ ਤਬਦੀਲ ਕਰਨ ਲਈ ਕਿਸਾਨਾਂ ਨੂੰ 300 ਕਰੋੜ ਰੁਪਏ ਦਾ ਵਾਧੂ ਖਰਚਾ ਕਰਨਾ ਪਵੇਗਾ। ਸੂਬੇ ਦੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਬਚਾਉਣ ਲਈ 850 ਕਰੋੜ ਰੁਪਏ ਦਾ ਸਮੁੱਚਾ ਵਾਧੂ ਬੋਝ ਸਹਿਣਾ ਪਵੇਗਾ। ਇਸ ਤੋਂ ਇਲਾਵਾ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੂੰ ਵੀ 1530 ਕਰੋੜ ਰੁਪਏ ਦਾ ਵਾਧੂ ਬੋਝ ਬਰਦਾਸ਼ਤ ਕਰਨਾ ਪਵੇਗਾ, ਕਿਉਂ ਜੋ ਨਿਗਮ ਵਲੋਂ ਹੋਰਨਾਂ ਖੇਤਰਾਂ ਤੋਂ ਬਿਜਲੀ ਬਚਾਉਣ ਦੇ ਨਾਲ ਨਾਲ ਮਹਿੰਗੇ ਭਾਅ ਬਿਜਲੀ ਖਰੀਦ ਕੇ ਖੇਤੀਬਾੜੀ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤਰ੍ਹਖ਼ਾਂ ਕੁੱਲ 2380 ਕਰੋੜ ਦੀ ਵਾਧੂ ਕੀਮਤ ਬਣਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਅਤੇ ਪੰਜਾਬ ਸਰਕਾਰ ਵਲੋਂ ਦੇਸ਼ ਨੂੰ ਅੰਨ ਸੁਰੱਖਿਆ ਪੱਖੋਂ ਕਿਸੇ ਵੀ ਤਰਖ਼ਾਂ ਦੇ ਖਤਰੇ ਤੋਂ ਬਚਾਉਣ ਲਈ ਵੱਡੀ ਪੱਧਰ ‘ਤੇ ਸਾਂਝੇ ਯਤਨ ਕੀਤੇ ਜਾ ਰਹੇ ਹਨ। ਪਾਵਰਕਾਮ ਵੀ ਦੇਸ਼ ਦੇ ਅੰਨ ਭੰਡਾਰ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਭਰਪੂਰ ਕੋਸ਼ਿਸ਼ਾਂ ਰਹੀ ਹੈ ਅਤੇ ਇਸ ਉਪਰਾਲੇ ਲਈ ਉਹ ਕਿਸਾਨੀ ਦੀ ਵੀ ਸਹਾਇਤਾ ਕਰ ਰਹੀ ਹੈ। ਪਰ ਇਹ ਸਭ ਹਾਸਲ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨਾਲ ਤਿਨਾਂ ਧਿਰਾਂ ਉਪਰ ਨਾ-ਸਹਿਣਯੋਗ ਬੋਝ ਪੈ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਕਿਸਾਨਾਂ ਨੂੰ ਵਿਆਪਕ ਆਰਥਿਕ ਪੈਕੇਜ ਦੇਣਾ ਫੌਰੀ ਲੋੜ ਹੈ।