ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਮੁੜ ਗੱਲਬਾਤ ਦਾ ਸੱਦਾ

ਚੰਡੀਗੜ੍ਹ, 12 ਅਕਤੂਬਰ – ਪੰਜਾਬ ‘ਚ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਨੂੰ ਵੇਖਦੇ ਹੋਏ 11 ਅਕਤੂਬਰ ਨੂੰ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਮੁੜ ਗੱਲਬਾਤ ਦਾ ਸੱਦਾ ਦਿੱਤਾ ਹੈ। ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਸੰਜੇ ਅਗਰਵਾਲ ਨੇ ਦੁਬਾਰਾ 29 ਕਿਸਾਨ ਜਥੇਬੰਦੀਆਂ ਦੇ ਮੁਖੀਆਂ ਨੂੰ ਗੱਲਬਾਤ ਲਈ ਸੱਦਾ ਪੱਤਰ ਭੇਜਿਆ ਹੈ। ਕੇਂਦਰ ਸਰਕਾਰ ਵੱਲੋਂ ਇਹ ਮੀਟਿੰਗ 14 ਅਕਤੂਬਰ ਨੂੰ ਦਿੱਲੀ ਦੇ ਕ੍ਰਿਸ਼ੀ ਭਵਨ ‘ਚ ਸੱਦੀ ਗਈ ਹੈ। ਖ਼ਬਰਾਂ ਮੁਤਾਬਿਕ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਸੱਦੇ ‘ਤੇ ਵਿਚਾਰ ਕਰਨ ਲਈ 13 ਅਕਤੂਬਰ ਨੂੰ ਚੰਡੀਗੜ੍ਹ ‘ਚ ਸਾਂਝੀ ਮੀਟਿੰਗ ਸੱਦੀ ਹੈ ਜਿਸ ਵਿੱਚ ਅਗਲੀ ਰਣਨੀਤੀ ਬਾਰੇ ਫ਼ੈਸਲਾ ਲਿਆ ਜਾਵੇਗਾ। ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਬਾਰੇ ਅਗਲੀ ਚਰਚਾ ਵਾਸਤੇ 15 ਅਕਤੂਬਰ ਨੂੰ ਮੀਟਿੰਗ ਰੱਖੀ ਹੋਈ ਹੈ ਜੋ ਹੁਣ 13 ਅਕਤੂਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨ ਧਿਰਾਂ ਨੂੰ 8 ਅਕਤੂਬਰ ਨੂੰ ਗੱਲਬਾਤ ਲਈ ਦਿੱਲੀ ਬੁਲਾਇਆ ਗਿਆ ਸੀ ਜਿਸ ਨੂੰ ਉਨ੍ਹਾਂ ਸਹਿਮਤੀ ਨਾਲ ਠੁਕਰਾ ਦਿੱਤਾ ਸੀ। ਗੌਰਤਲਬ ਹੈ ਕਿ ਨਵੇਂ ਪਾਸ ਹੋਏ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ 24 ਸਤੰਬਰ ਤੋਂ ਅੰਦੋਲਨ ਚੱਲ ਰਿਹਾ ਹੈ ਜਿਸ ਤਹਿਤ ਰੇਲ ਆਵਾਜਾਈ ਵੀ ਠੱਪ ਕੀਤੀ ਹੋਈ ਹੈ।
ਖ਼ਬਰਾਂ ਇਹ ਵੀ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਵੀ ਕਿਸਾਨ ਧਿਰਾਂ ਨੂੰ ਗੱਲਬਾਤ ਲਈ ਬੁਲਾਇਆ ਹੈ। ਇਹ ਮੀਟਿੰਗ ਚੰਡੀਗੜ੍ਹ ਵਿੱਚ 13 ਅਕਤੂਬਰ ਨੂੰ ਸੱਦੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਲਈ ਤਿੰਨ ਵਜ਼ੀਰਾਂ ‘ਤੇ ਆਧਾਰਿਤ ਕਮੇਟੀ ਬਣਾਈ ਸੀ। ਪੰਜਾਬ ਸਰਕਾਰ ਦੇ ਸੱਦੇ ਬਾਰੇ ਵੀ ਕਿਸਾਨ ਧਿਰਾਂ 13 ਅਕਤੂਬਰ ਨੂੰ ਹੀ ਸਾਂਝੀ ਮੀਟਿੰਗ ਵਿਚ ਫ਼ੈਸਲਾ ਕਰਨਗੀਆਂ।