ਕੈਨਬਰਾ ਵਿਖੇ ਸਿੱਖ ਐਸੋਸੀਏਸ਼ਨ ਦੀ ਚੋਣ ਸਰਬ ਸੰਮਤੀ ਨਾਲ ਹੋਈ

ਕੈਨਬਰਾ, (ਸਰਬਜੀਤ ਸਿੰਘ) – ਪਿਛਲੇ ਦਿਨੀਂ ਕੈਨਬਰਾ ਸਿੱਖ ਐਸੋਸੀਏਸ਼ਨ ਦੀ ਚੋਣ ਹੋਈ। ਇਸ ਚਿਰਕਾਲੀ ਡਿਊ ਚੋਣ ਵਾਸਤੇ ਭਰਪੂਰ ਗਿਣਤੀ ਵਿੱਚ ਮੈਂਬਰਾਂ ਨੇ ਹਿੱਸਾ ਲਿਆ। ਵਾਤਾਵਰਨ ਪੂਰਨ ਸ਼ਾਂਤਮਈ ਅਤੇ ਉਤਸ਼ਾਹਪੂਰਨ ਸੀ। ਜੈਕਾਰਿਆਂ ਦੀ ਗੂੰਜ ਵਿੱਚ ਸ. ਸਤਨਾਮ ਸਿੰਘ ਦਬੜੀਖਾਨਾ ਦੀ ਅਗਵਾਈ ਵਿੱਚ ਸਰਬਸੰਮਤੀ ਨਾਲ ਪ੍ਰਬੰਧਕ ਕਮੇਟੀ ਦੀ ਚੋਣ ਹੋ ਗਈ।
ਚੋਣਾਂ ਤੋਂ ਬਾਅਦ ਗੁਰਦੁਆਰਾ ਸਾਹਿਬ ਪਹੁੰਚਣ ‘ਤੇ ਗੁਰੂ ਘਰ ਵੱਲੋਂ ਪੁਰਾਣੇ ਕਮੇਟੀ ਮੈਂਬਰਾਂ ਵੱਲੋਂ ਸ. ਸਤਨਾਮ ਸਿੰਘ ਦਬੜੀਖਾਨਾ ਨੂੰ “ਜੀ ਆਇਆਂ” ਆਖਿਆ ਗਿਆ ਅਤੇ ਗਿਆਨੀ ਸੰਤੋਖ ਸਿੰਘ ਜੀ ਰਾਹੀਂ ਗੁਰੂ ਘਰ ਵੱਲੋਂ ਸਿਰੋਪੇ ਦੀ ਬਖ਼ਸ਼ੀਸ਼ ਹੋਈ। ਕੈਨਬਰਾ ਦੀ ਸੰਗਤ ਦਾ ਧੰਨਵਾਦ ਕਰਦਿਆਂ ਸ. ਦਬੜੀਖਾਨਾ ਨੇ ਕਿਹਾ ਕਿ ਸੰਗਤਾਂ ਨੇ ਮੈਨੂੰ ਸੇਵਾ ਦਾ ਮਾਣ ਬਖ਼ਸ਼ਿਆ ਹੈ, ਮੈਂ ਇਸ ਮਾਣ ਸਦਕਾ ਸੰਗਤਾਂ ਦਾ ਸਦਾ ਰਿਣੀ ਰਹਾਂਗਾ।
ਪਿਛਲੇ ਦੋ ਸਾਲ ਤੋਂ ਸੇਵਾ ਕਰ ਰਹੀ ਕਮੇਟੀ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਖ਼ੁਸ਼ੀ ਖ਼ੁਸ਼ੀ, ਗੁਰਦੁਆਰਾ ਸਾਹਿਬ ਦਾ ਚਾਰਜ ਦਿੱਤਾ। ਐਤਵਾਰ ਵਾਲੇ ਧਾਰਮਿਕ ਦੀਵਾਨ ਦੀ ਸਮਾਪਤੀ ਸਮੇਂ ਨਵੇਂ ਚੁਣੇ ਗਏ ਪ੍ਰਧਾਨ ਸ. ਸਤਨਾਮ ਸਿੰਘ ਦਬੜੀਖਾਨਾ ਨੇ ਸਟੇਜ ਤੋਂ ਸੰਗਤਾਂ ਨੂੰ ਇਹ ਖ਼ੁਸ਼ਖ਼ਬਰੀ ਸੁਣਾ ਕੇ, ਪਿਛਲੀ ਕਮੇਟੀ ਵੱਲੋਂ ਦੋ ਸਾਲਾਂ ਦੌਰਾਨ ਕੀਤੀ ਗਈ ਸੇਵਾ ਦਾ ਧੰਨਵਾਦ ਕਰਨ ਦੇ ਨਾਲ ਢੁਕਵੇਂ ਸ਼ਬਦਾਂ ਵਿੱਚ ਸ਼ਲਾਘਾ ਕਰਨ ਉਪਰੰਤ, ਨਵੀਂ ਕਮੇਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਗੁਰਦੁਆਰਾ ਸਾਹਿਬ ਵਿੱਚ ਹੋਣ ਵਾਲੀਆਂ ਸੇਵਾਵਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦੇ ਕੇ, ਇਨ੍ਹਾਂ ਸੇਵਾਵਾਂ ਨੂੰ ਸਿਰੇ ਚਾੜ੍ਹਨ ਵਾਸਤੇ ਸਹਿਯੋਗ ਦੇਣ ਦੀ ਅਪੀਲ ਕੀਤੀ।
ਇੱਥੇ ਦੱਸਣਾ ਯੋਗ ਹੋਵੇਗਾ ਕਿ ਸ. ਸਤਨਾਮ ਸਿੰਘ ਦਬੜੀਖਾਨਾ ਦੀ ਅਗਵਾਈ ਹੇਠ ਪਿਛਲੇ ਪੰਦਰਾਂ ਸਾਲਾਂ ਤੋਂ ‘ਸਰਦਾਰੀਆਂ ਟਰੱਸਟ’ ਦਸਤਾਰਾਂ ਦੇ ਲੰਗਰ ਤੇ ਵੱਡੇ ਦਸਤਾਰ ਮੁਕਾਬਲਿਆਂ ਵਿੱਚ ਲੱਖਾਂ ਰੁਪਏ ਦੇ ਇਨਾਮ ਰੱਖ ਕੇ, ਨੌਜਵਾਨਾਂ ਵਿੱਚ ਦਸਤਾਰ ਪ੍ਰਤੀ ਪਿਆਰ ਪੈਦਾ ਕਰ ਰਿਹਾ ਹੈ। ਪੰਜਾਬ ਵਿੱਚ ਦਬੜੀਖਾਨਾ ਦੀ ਟੀਮ ਵੱਲੋਂ ਅਜਿਹੀਆਂ ਸੇਵਾਵਾਂ ਲੰਮੇ ਸਮੇਂ ਤੋਂ ਜਾਰੀ ਹਨ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਦੱਸਿਆ ਕਿ ਸਾਡੇ ਕੈਨਬਰਾ ਦੇ ਵਿੱਚ ਲਗਾਤਾਰ ਸਿੱਖ ਗਿਣਤੀ ਵੱਧ ਰਹੀ ਹੈ ਜਿਸ ਕਰਕੇ ਸਾਨੂੰ ਗੁਰਦੁਆਰਾ ਸਾਹਿਬ ਵਾਸਤੇ ਨਵੀਂ ਅਤੇ ਵਿਸ਼ਾਲ ਇਮਾਰਤ ਦੀ ਵਧੇਰੇ ਜ਼ਰੂਰਤ ਹੈ। ਇੱਥੇ ਜੰਮੇ ਪੱਲੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਤੋਂ ਜਾਣੂ ਕਰਵਾਉਣਾ, ਦਸਤਾਰ ਸਿਖਲਾਈ, ਗੁਰਮਤਿ ਕਲਾਸਾਂ, ਗੱਤਕਾ, ਕੀਰਤਨ ਸਿਖਲਾਈ ਆਦਿ ਸਾਡੇ ਮੁੱਢਲੇ ਕਾਰਜ ਹਨ। ਇਹ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ।
ਉਨ੍ਹਾਂ ਦੇ ਨਾਲ ਚੁਣੇ ਗਏ ਉਪ ਪ੍ਰਧਾਨ ਹਰਵਿੰਦਰ ਸਿੰਘ ਰੰਧਾਵਾ, ਸੈਕਟਰੀ ਸ. ਸਤਿੰਦਰਬੀਰ ਸਿੰਘ ਸਹੋਤਾ, ਸਹਾਇਕ ਸੈਕਟਰੀ ਸ. ਗੁਰਅੰਮ੍ਰਿਤ ਸਿੰਘ ਢਿੱਲੋਂ, ਖ਼ਜ਼ਾਨਚੀ ਸ. ਮਲਕੀਤ ਸਿੰਘ, ਸਹਾਇਕ ਖ਼ਜ਼ਾਨਚੀ ਸ. ਰਮਨਪ੍ਰੀਤ ਸਿੰਘ ਆਹਲੂਵਾਲੀਆ, ਮੈਂਬਰਜ਼ ਸ. ਨੋਬਲਪ੍ਰੀਤ ਸਿੰਘ, ਸ. ਜਗਜੀਤ ਸਿੰਘ ਜੱਗਾ ਅਤੇ ਸ. ਪ੍ਰਭਜੋਤ ਸਿੰਘ ਸੰਧੂ ਹੁਣਾਂ ਨੇ ਵੀ ਸੰਗਤ ਦਾ, ਗੁਰਦੁਆਰਾ ਸਾਹਿਬ ਦੀ ਸੇਵਾ ਬਖ਼ਸ਼ਣ ‘ਤੇ ਤਹਿ ਦਿਲੋਂ ਧੰਨਵਾਦ ਕੀਤਾ।