ਕੈਲੀਫੋਰਨੀਆਂ ਦੇ ਸ਼ਹਿਰ ਸੈਲਮਾ ਵਿਖੇ 19ਵੇਂ ਸਲਾਨਾ ਨਗਰ ਕੀਰਤਨ ਨੇ ਸਿਰਜਿਆ ਖਾਲਸਾਈ ਰੰਗ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਸੈਲਮਾ ਦੇ ਗੁਰਦੁਆਰਾ “ਸਿੱਖ ਸੈਂਟਰ ਆਫ ਪੈਸ਼ੀਫਿਕ ਕੌਸਟ” ਵਿਖੇ ਸੈਂਟਰਲ ਵੈਲੀ ਦੇ ਸਾਰੇ ਗੁਰੂਘਰਾ ਦੇ ਸਹਿਯੋਗ ਨਾਲ ਵਿਸਾਖੀ ਨੂੰ ਸਮਰਪਿਤ 19ਵਾਂ ਵਿਸਾਲ ਨਗਰ ਕੀਰਤਨ ਅਤੇ ਗੁਰਮਤਿ ਸਮਾਗਮ ਹੋਇਆ। ਜਿਸ ਵਿੱਚ ਸਮੁੱਚੇ ਅਮਰੀਕਾ ਤੋਂ ਸਿੱਖ ਸੰਗਤਾਂ ਅਤੇ ਰਾਗੀ-ਢਾਡੀ, ਕਥਾ ਵਾਚਕ, ਕੀਰਤਨੀ ਜੱਥਿਆ ਨੇ ਸਿਰਕਤ ਕੀਤੀ। ਜਿਸ ਵਿੱਚ ਪਹਿਲੇ ਦਿਨ ਅੰਮ੍ਰਿਤ ਸੰਚਾਰ ਅਤੇ ਮਹਾਨ ਗੁਰਮਤਿ ਸਮਾਗਮ ਹੋਇਆ। ਅਗਲੇ ਦਿਨ ਨਗਰ ਕੀਰਤਨ ਦੀ ਸੁਰੂਆਤ ਅਰਦਾਸ ਕਰਨ ਉਪਰੰਤ ਅਮਰੀਕਾ ਦੇ ਰਾਸ਼ਟਰੀ ਝੰਡੇ ਅਤੇ ਕੈਲੀਫੋਰਨੀਆਂ ਸਟੇਟ ਦੇ ਝੰਡੇ ਮਗਰ ਪੰਜਾਂ ਪਿਆਰਿਆ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਜੇ ਫਲੌਟ ਮਗਰ ਅਨੇਕਾ ਸਿੱਖ ਧਰਮ ਨਾਲ ਸੰਬੰਧਿਤ ਝਾਕੀਆਂ ਇਕ ਨਵੇਂ ਵਸੇਂ ਅਮੈਰੀਕਨ ਪੰਜਾਬ ਦੀ ਤਸਵੀਰ ਪੇਸ਼ ਕਰ ਰਹੀਆਂ ਸਨ। ਇਸ ਧਾਰਮਿਕ ਸਮਾਗਮ ਵਿੱਚ ਸਿਆਸੀ ਰੰਗਤ ਵੀ ਆਪਣੇ ਟੋਲਿਆ ਵਿੱਚ ਆਮ ਦਿਸ ਰਹੀ ਸੀ। ਪਰ ਇੱਕੋ ਖਾਲਸਾਈ ਝੰਡੇ ਥੱਲੇ ਪੰਜਾਬ ਦੀਆਂ ਸਮੂੰਹ ਰਾਜਨੀਤਿਕ ਪਾਰਟੀਆਂ ਨੇ ਆਪਣੀ ਏਕਤਾ ਦਾ ਸਬੂਤ ਦਿੱਤਾ। ਇਸੇ ਤਰ੍ਹਾਂ ਨਗਰ ਕੀਰਤਨ ਦੌਰਾਨ ਪ੍ਰਫੁੱਲਿਤ ਹੋਈ ਸਿੱਖੀ ਦੀ ਮੂੰਹ ਬੋਲਦੀ ਤਸਵੀਰ ਚਾਰ ਚੁਫੇਰੇ ਲਿਸ਼ਕਦੀਆਂ ਕੇਸ਼ਰੀ ਪੱਗਾਂ ਅਤੇ ਚੁੰਨੀਆਂ ਦੁਆਰਾ ਆਮ ਦਿਸ ਰਹੀ ਸੀ। ਜਿਸ ਵਿੱਚ ਬੱਚਿਆ ਬਜੁਰਗਾਂ ਤੋਂ ਇਲਾਵਾ ਸਮੂੰਹ ਧਰਮਾ ਦੀਆਂ ਸੰਗਤਾਂ ਨੇ ਰਲ ਕੇ ਹਾਜ਼ਰੀ ਭਰੀ। ਜਹਾਜ਼ ਰਾਹੀ ਫੁੱਲਾ ਦੀ ਵਰਖਾ ਹੋ ਰਹੀ ਸੀ। ਇਸ ਨਗਰ ਕੀਰਤਨ ਦੌਰਾਨ ਮੁੱਫਤ ਵੱਖ ਵੱਖ ਖਾਣੇ ਦੇ ਸਟਾਲ ਅਤੇ ਸੜਕਾ ਦੇ ਦੋਵੇ ਪਾਸੇ ਭਾਰਤੀ ਵਸਤਾ ਅਤੇ ਰਸਤਾ ਦੀਆਂ ਦੁਕਾਨਾ ਵੀ ਭਾਰਤੀ ਮੇਲੇ ਦੀ ਤਸਵੀਰ ਪੇਸ਼ ਕਰ ਰਹੀਆਂ ਸਨ।