ਕੈਲੀਫੋਰਨੀਆ ਵਾਸੀ ਦਲਿਤ ਭਾਈਚਾਰੇ ਦੇ ਆਗੂ ਮਕਵਾਨਾ ਦੀ ਮੌਤ ਕਾਰਨ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ

ਮਿਲਿੰਡ ਮਕਵਾਨਾ

ਸੈਕਰਾਮੈਂਟੋ,ਕੈਲੀਫੋਰਨੀਆ, 26 ਜੁਲਈ (ਹੁਸਨ ਲੜੋਆ ਬੰਗਾ) – ਦਲਿਤ ਆਗੂ ਇੰਜੀਨੀਅਰ ਮਿਲਿੰਡ ਮਕਵਾਨਾ ਜਿਸ ਨੇ ਕੈਲੀਫੋਰਨੀਆ ਅਸੰਬਲੀ ਵਿਚ ਜਾਤੀ ਭੇਦਭਾਵ ਬਿੱਲ ਵਿਰੁੱਧ ਜੋਰਦਾਰ ਆਵਾਜ਼ ਉਠਾਈ ਸੀ, ਦੀ ਦਿੱਲ ਦਾ ਦੌਰ ਪੈਣ ਕਾਰਨ ਅਚਾਨਕ ਮੌਤ ਹੋ ਗਈ। ਮਿਲਿੰਡ ਦੀ ਮੌਤ ਕਾਰਨ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਕੂਪਰਟਿਨੋ ਸਿਟੀ ਕੌਂਸਲ ਦੀ ਮੀਟਿੰਗ ਵਿਚ ਐਸ ਬੀ 403 ਜਾਤੀ ਭੇਦਭਾਵ ਬਿੱਲ ਵਿਰੁੱਧ ਆਪਣੇ ਵਿਚਾਰ ਰਖਣ ਤੋਂ ਥੋੜੀ ਦੇਰ ਬਾਅਦ ਮਕਵਾਨਾ ਨੂੰ ਦਿੱਲ ਦਾ ਦੌਰਾ ਪਿਆ ਜੋ ਉਨਾਂ ਲਈ ਜਾਨ ਲੇਵਾ ਸਾਬਤ ਹੋਇਆ। ਕੋਲੀਸ਼ਨ ਆਫ ਹਿੰਦੂ ਨਾਰਥ ਅਮੈਰੀਕਾ ਨੇ ਇਕ ਟਵੀਟ ਵਿਚ ਮਕਵਾਨਾ ਦੀ ਮੌਤ ਉਪਰ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ” ਮਿਲਿੰਡ ਮਕਵਾਨਾ ਨੇ ਹਿੰਦੂ ਭਾਈਚਾਰੇ ਨੂੰ ਧਰਮ ਲਈ ਜਦੋਜਹਿਦ ਕਰਨ ਵਾਸਤੇ ਉਤਸ਼ਾਹਿਤ ਕੀਤਾ। ਬੇ ਏਰੀਆ ਵਿਚ ਸਾਡੇ ਵਿਚੋਂ ਕਈਆਂ ਨੂੰ ਉਸ ਨਾਲ ਕੰਮ ਕਰਨ ਤੇ ਉਸ ਕੋਲੋਂ ਸਿੱਖਣ ਦਾ ਮੌਕਾ ਮਿਲਿਆ ਹੈ। ਉਨਾਂ ਵਿਚ ਹਿੰਦੂਤਵ ਲਈ ਕਮਾਲ ਦੀ ਊਰਜਾ ਤੇ ਉਤਸ਼ਾਹ ਸੀ। ਉਸ ਦੇ ਆਖਰੀ ਸ਼ਬਦ ਸਨ ਕਮਜੋਰਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ।” ਇਥੇ ਜਿਕਰਯੋਗ ਹੈ ਕਿ ਕੂਪਰਟਿਨੋ ਸਿਟੀ ਕੌਂਸਲ ਦੀ ਮੀਟਿੰਗ ਸਬੰਧੀ ਇਕ ਵੀਡੀਓ ਵਿਚ ਮਕਵਾਨਾ ਇਹ ਕਹਿੰਦੇ ਹੋਏ ਨਜਰ ਆ ਰਹੇ ਹਨ ਕਿ ਮੈਨੂੰ ਆਪਣੇ ਹਿੰਦੂ ਹੋਣ ਉਪਰ ਮਾਣ ਹੈ। ਮੇਰਾ ਪਿਛੋਕੜ ਹਾਸ਼ੀਏ ‘ਤੇ ਧੱਕ ਦਿੱਤੇ ਗਏ ਭਾਈਚਾਰੇ ਨਾਲ ਹੈ ਪਰ ਮੈ ਇਕ ਗੌਰਵਸ਼ਾਲੀ ਹਿੰਦੂ ਹਾਂ। ਇਸ ਲਈ ਜੋ ਲੋਕ ਇਥੇ ਸਾਡੀ ਪ੍ਰਤੀਨਿੱਧਤਾ ਕਰਨ ਦਾ ਦਾਅਵਾ ਕਰਦੇ ਹਨ ਪਰੂੰਤ ਜੇਕਰ ਉਹ ਹਿੰਦੂਆਂ ਨੂੰ ਨਜਰਅੰਦਾਜ ਕਰਦੇ ਹਨ ਤਾਂ ਇਹ ਸਾਡੀ ਗੱਲ ਸਾਡੇ ਤੋਂ ਬਿਨਾਂ ਕਰਨ ਵਾਂਗ ਹੈ।” ਮੁੰਬਈ ਵਿਚ ਜੰਮੇ ਪਲੇ ਮਕਵਾਨਾ 2006 ਵਿਚ ਅਮਰੀਕਾ ਆਏ ਸਨ। ਉਨਾਂ ਨੇ ਰੋਚੈਸਟਰ, ਨਿਊਯਾਰਕ ਵਿਚ ਟੈਕਨਾਲੋਜੀ ਪ੍ਰੋਫੈਸ਼ਨਲ ਵਜੋਂ ਕੰਮ ਕੀਤਾ। ਉਹ ਬਹੁਤ ਸਾਰੀਆਂ ਸਮਾਜਿਕ ਗਤੀਵਿਧੀਆਂ ਨਾਲ ਜੁੜੇ ਹੋਏ ਸਨ।