ਕੋਟਕਪੂਰਾ ਨੇੜੇ ਸਿੱਖਾਂ ਤੇ ਪੁਲਿਸ ਵਿਚਾਲੇ ਝੜਪਾਂ, ਦੋ ਦੀ ਮੌਤ

ਕੋਟਕਪੂਰਾ – 14 ਅਕਤੂਬਰ ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ‘ਚ 13 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਰੋਹ ਵਿੱਚ ਆਈ ਸਿੱਖ ਸੰਗਤ ਵੱਲੋਂ ਸ਼ੁਰੂ ਕੀਤਾ ਗਿਆ ਰੋਸ ਪ੍ਰਦਰਸ਼ਨ ਅੱਜ ਉਸ ਵੇਲੇ ਭਿਆਨਕ ਰੂਪ ਧਾਰਨ ਕਰ ਗਿਆ ਜਦੋਂ ਪਿੰਡ ਬਹਿਬਲ ਕਲਾਂ ਵਿਖੇ ਧਰਨੇ ‘ਤੇ ਬੈਠੀਆਂ ਸਿੱਖ ਸੰਗਤਾਂ ‘ਤੇ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਦੋ ਸਿੰਘਾਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਗੁਰਜੀਤ ਸਿੰਘ (27) ਪੁੱਤਰ ਸਾਧੂ ਸਿੰਘ ਵਾਸੀ ਸਰਾਂਵਾਂ ਅਤੇ ਕ੍ਰਿਸ਼ਨ ਭਗਵਾਨ ਸਿੰਘ ਉਰਫ਼ ਕਾਲਾ ਪੁੱਤਰ ਮਹਿੰਦਰ ਸਿੰਘ ਵਾਸੀ ਬਹਿਬਲ ਖ਼ੁਰਦ (ਨਿਆਮੀਵਾਲਾ) ਸ਼ਾਮਿਲ ਹਨ। ਇਸ ਗੋਲੀ ਬਾਰੀ ਵਿੱਚ…… ਬੇਅੰਤ ਸਿੰਘ ਪੁੱਤਰ ਬੋਹੜ ਸਿੰਘ ਨਿਆਮੀ ਵਾਲਾ, ਅੰਗਰੇਜ਼ ਸਿੰਘ ਪੁੱਤਰ ਰਾਜ ਸਿੰਘ ਵਾਸੀ ਬਹਿਬਲ ਕਲਾਂ, ਗੁਰਚਰਨ ਸਿੰਘ ਪੁੱਤਰ ਮੱਖਣ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸਰਾਂਵਾਂ ਅਤੇ ਹਰਜਿੰਦਰ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਗੁਰੂਸਰ ਗੰਭੀਰ ਜ਼ਖ਼ਮੀ ਹੋ ਗਏ। ਰੋਹ ਵਿੱਚ ਆਈ ਸਿੱਖ ਸੰਗਤ ਨੇ ਆਈ.ਆਰ.ਬੀ. ਦੀ ਬੱਸ, ਡੀ.ਐੱਸ. ਪੀ. ਦੀ ਬੋਲੈਰੋ ਗੱਡੀ, ਪੁਲਿਸ ਦੀ ਸਕਾਰਪੀਓ ਅਤੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਅਤੇ ਪੁਲਿਸ ‘ਤੇ ਪਥਰਾਅ ਵੀ ਕੀਤਾ। ਫ਼ਰੀਦਕੋਟ, ਮੋਗਾ ਤੇ ਸੰਗਰੂਰ ਜ਼ਿਲ੍ਹਿਆਂ ‘ਚ ਵੱਖ-ਵੱਖ ਥਾਵਾਂ ‘ਤੇ ਹੋਈਆਂ ਝੜਪਾਂ ‘ਚ ਆਈ.ਜੀ. ਸਣੇ 75 ਵਿਅਕਤੀ ਜ਼ਖ਼ਮੀ ਹੋ ਗਏ।
ਇਸ ਤੋਂ ਪਹਿਲਾਂ ਕੋਟਕਪੂਰਾ ਸ਼ਹਿਰ ਦੇ ਅੰਦਰ ਸਵੇਰੇ 6:30 ਵਜੇ ਦੇ ਕਰੀਬ ਬੱਤੀਆਂ ਵਾਲੇ ਚੌਕ ਵਿੱਚ ਸਿੱਖ ਸੰਗਤਾਂ ਅਤੇ ਪੁਲਿਸ ਵਿੱਚ ਤਕਰਾਰ ਹੋ ਗਿਆ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਇਸ ਚੌਕ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ‘ਚ ਸਿੱਖ ਸੰਗਤਾਂ ਜਪੁਜੀ ਸਾਹਿਬ ਦਾ ਪਾਠ ਕਰ ਰਹੀਆਂ ਸਨ। ਇਸ ਮੌਕੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ, ਸੰਤ ਬਲਜੀਤ ਸਿੰਘ ਦਾਦੂਵਾਲ, ਭਾਈ ਧਰਮਵੀਰ ਸਿੰਘ, ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣ ਅਤੇ ਅਵਤਾਰ ਸਿੰਘ ਸਾਧਾਂਵਾਲਾ ਤੋਂ ਇਲਾਵਾ ਢਾਈ ਦਰਜਨ ਦੇ ਕਰੀਬ ਪ੍ਰਚਾਰਕ ਸ਼ਾਮਿਲ ਸਨ। ਇਸ ਮੌਕੇ ਸੰਗਤ ਨੇ ਪੁਲਿਸ ਕੋਲ ਆਪਣੀ ਗ੍ਰਿਫ਼ਤਾਰੀ ਲਈ ਪੇਸ਼ ਕੀਤਾ ਅਤੇ ਫਿਰ ਪੈਦਾ ਹੋਈ ਤਕਰਾਰ ਕਾਰਨ ਮਾਮਲਾ ਉਲਝ ਗਿਆ, ਪੁਲਿਸ ਨੇ ਪਹਿਲਾਂ ਹੰਝੂ ਗੈੱਸ ਦੇ ਗੋਲੇ ਸੁੱਟੇ ਅਤੇ ਫਿਰ ਪਾਣੀ ਦੀਆਂ ਬੁਛਾੜਾਂ ਮਾਰੀਆਂ। ਜਿਸ ਨਾਲ ਸਾਰਾ ਮਾਹੌਲ ਤਣਾਅਪੂਰਨ ਬਣ ਗਿਆ। ਇਸ ਦੌਰਾਨ ਹੋਈ ਹੱਥੋਪਾਈ ਵਿੱਚ ਚਾਰ ਦਰਜਨ ਤੋਂ ਵੱਧ ਸਿੰਘ ਅਤੇ ਬਠਿੰਡਾ ਜ਼ੋਨ ਦੇ ਆਈ.ਜੀ. ਜਤਿੰਦਰ ਜੈਨ ਸਣੇ 20-25 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਗੌਰਤਲਬ ਹੈ ਕਿ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਤੈਨਾਤ ਡੀ. ਆਈ. ਜੀ. ਅਮਰ ਸਿੰਘ ਚਾਹਲ ਅਤੇ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਤੋਂ ਇਲਾਵਾ ਤਿੰਨ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੇ ਜ਼ਿਲ੍ਹੇ ਭਰ ਵਿੱਚ ਹੋ ਰਹੇ ਰੋਸ ਮੁਜ਼ਾਹਰੇ ਅਤੇ ਚੱਕਾ ਜਾਮ ਦੀਆਂ ਘਟਨਾਵਾਂ ਨਾਲ ਅੱਜ ਸਖ਼ਤੀ ਨਾਲ ਨਜਿੱਠਣ ਦੀ ਰਣਨੀਤੀ ਅਪਣਾਈ, ਜੋ ਪੁਲਿਸ ਨੂੰ ਕਾਫ਼ੀ ਮਹਿੰਗੀ ਸਾਬਤ ਹੋਈ। ਇਨ੍ਹਾਂ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਅਵਤਾਰ ਸਿੰਘ ਸਾਧਾਂਵਾਲਾ, ਪੰਥਪ੍ਰੀਤ ਸਿੰਘ ਅਤੇ ਬਾਬਾ ਗੁਰਮੀਤ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਖ਼ਬਰਾਂ ਹਨ ਕਿ ਬਾਬਾ ਪੰਥਪ੍ਰੀਤ ਸਿੰਘ, ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣ ਅਤੇ ਹੋਰ ਕਈ ਧਾਰਮਿਕ ਆਗੂ ਵੀ ਪੁਲਿਸ ਦੇ ਲਾਠੀਚਾਰਜ ਵਿੱਚ ਗੰਭੀਰ ਜ਼ਖ਼ਮੀ ਹੋਏ ਹਨ।
ਡਿਪਟੀ ਕਮਿਸ਼ਨਰ ਐਮ. ਐੱਸ. ਜੱਗੀ ਨੇ ਕਿਹਾ ਕਿ ਬਰਗਾੜੀ, ਬਾਜਾਖਾਨਾ ਅਤੇ ਢਿੱਲਵਾਂ ਦੀ ਸਥਿਤੀ ਕਾਫ਼ੀ ਤਣਾਅਪੂਰਨ ਹੈ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਕਰਫ਼ਿਊ ਲਾਉਣ ਵਰਗੀ ਸਥਿਤੀ ਨਹੀਂ ਬਣੀ ਪਰੰਤੂ ਫਿਰ ਵੀ ਸਮੁੱਚੀ ਸਥਿਤੀ ਬਾਰੇ ਪੰਜਾਬ ਸਰਕਾਰ ਨੂੰ ਜਾਣੂੰ ਕਰਵਾ ਦਿੱਤਾ ਹੈ। ਜ਼ਖ਼ਮੀ ਹੋਏ ਸਿੱਖ ਆਗੂਆਂ ਨੂੰ ਮੁਕਤਸਰ, ਬਠਿੰਡਾ ਅਤੇ ਮੋਗਾ ਆਦਿ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਦੀ ਕਾਰਵਾਈ ਖ਼ਿਲਾਫ਼ ਸਿੱਖ ਜਥੇਬੰਦੀਆਂ ਵੱਲੋਂ ਤਲਵੰਡੀ, ਸਾਦਿਕ, ਫ਼ਿਰੋਜ਼ਪੁਰ ਆਦਿ ਸੜਕਾਂ ‘ਤੇ ਵੀ ਜਾਮ ਲਾਏ ਗਏ। ਇਸ ਦੌਰਾਨ ਅੱਜ ਕੋਟਕਪੂਰਾ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਲੋਕਾਂ ਦੇ ਕਾਰੋਬਾਰ ਠੱਪ ਰਹੇ, ਪੂਰਾ ਸ਼ਹਿਰ ਪੁਲਿਸ ਨੇ ਆਪਣੀ ਪਕੜ ਹੇਠ ਲਿਆ ਹੋਇਆ ਸੀ। ਇਸੇ ਦੌਰਾਨ ਸੰਗਰੂਰ ਅਤੇ ਮੋਗਾ ਜ਼ਿਲ੍ਹਿਆਂ ‘ਚ ਵੀ ਕਈ ਥਾਵਾਂ ‘ਤੇ ਝੜਪਾਂ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ।
ਪੰਜਾਬ ਪੁਲੀਸ ਨੇ ਮਾਲਵਾ ਖ਼ਿੱਤੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਦੁਆਬੇ ਵਿਚੋਂ ਸੈਂਕੜੇ ਪੁਲੀਸ ਮੁਲਾਜ਼ਮਾਂ ਨੂੰ ਫ਼ੌਰੀ ਮਾਲਵੇ ਵਿੱਚ ਸੱਦਿਆ ਗਿਆ ਹੈ। ਫ਼ਰੀਦਕੋਟ ਜ਼ਿਲ੍ਹੇ ਵਿੱਚ ਹੋਈ ਹਿੰਸਾ ਮਗਰੋਂ ਪੁਲੀਸ ਮੁਲਾਜ਼ਮਾਂ ਨੂੰ ਮੁਸਤੈਦ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਪੰਜ ਸੌ ਪੁਲੀਸ ਮੁਲਾਜ਼ਮਾਂ ਨੂੰ ਬਾਹਰਲੇ ਜ਼ਿਲ੍ਹਿਆਂ ਤੋਂ ਬੁਲਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ 12 ਅਕਤੂਬਰ-ਬੀਤੀ ਰਾਤ ਕੁੱਝ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੇ ਕੁੱਝ ਪੱਤਰੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਬਰਗਾੜੀ ਦੇ ਆਲੇ ਦੁਆਲੇ, ਪਿੰਡ ਦੀਆਂ ਗਲੀਆਂ, ਬੱਸ ਅੱਡੇ ਆਦਿ ‘ਤੇ ਖਿਲਾਰ ਕੇ ਘੋਰ ਬੇਅਦਬੀ ਕੀਤੀ। ਸੀ। ਜਿਸ ਦੇ ਵਿਰੋਧ ਵਜੋਂ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਨੂੰ ਲੈ ਕੇ ਸ਼ਾਂਤਮਈ ਧਰਨੇ ਦਿੱਤੇ ਜਾ ਰਹੇ ਸਨ। ਇਸ ਸ਼ਰਾਰਤ ਦਾ ਖ਼ਦਸ਼ਾ ਡੇਰਾ ਪ੍ਰੇਮੀਆਂ ਉੱਤੇ ਜਤਾਇਆ ਜਾ ਰਿਹਾ ਹੈ ਪਰ ਉਨ੍ਹਾਂ ਵੱਲੋਂ ਇਨ੍ਹਾਂ ਦੋਸ਼ਾਂ ਦੀ ਨਖੇਦੀ ਕੀਤੀ ਜਾ ਰਹੀ ਹੈ। ਇਸ ਦੁਖਦਾਈ ਘਟਨਾ ਨੂੰ ਲੈ ਕੇ ਨੇੜ ਭਵਿੱਖ ਵਿੱਚ ਸੂਬੇ ਦੇ ਹਾਲਾਤ ਵਿਗੜਨ ਦਾ ਖ਼ਤਰਾ ਵੀ ਜਤਾਇਆ ਜਾ ਰਿਹਾ ਹੈ।