ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 2 ਹੋਰ ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਆਏ, ਆਕਲੈਂਡ ‘ਚ ਜਨਤਕ ਟ੍ਰਾਂਸਪੋਰਟ ਤੇ ਦੇਸ਼ ਭਰ ‘ਚ ਹਵਾਈ ਉਡਾਣ ਸਮੇਂ ਮਾਸਕ ਲਾਜ਼ਮੀ

ਵੈਲਿੰਗਟਨ, 19 ਨਵੰਬਰ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਅੱਜ 2 ਹੋਰ ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਸਾਹਮਣੇ ਆਏ ਹਨ। ਜਦੋਂ ਕਿ ਅੱਜ ਕਮਿਊਨਿਟੀ ਵਿੱਚੋਂ ਕੋਈ ਕੇਸ ਨਹੀਂ ਆਇਆ ਹੈ।
ਅੱਜ ਤੋਂ ਆਕਲੈਂਡ ਵਿੱਚ ਜਨਤਕ ਟ੍ਰਾਂਸਪੋਰਟ ਵਿੱਚ ਮਾਸਕ ਪਾਉਣ ਲਾਜ਼ਮੀ ਹੋ ਗਿਆ ਹੈ, ਜਦੋਂ ਕਿ ਦੇਸ਼ ਭਰ ਵਿੱਚ ਹਵਾਈ ਜਹਾਜ਼ਾਂ ਉੱਤੇ ਹੁਣ ਮਾਸਕ ਪਾਉਣਾ ਲਾਜ਼ਮੀ ਹੋ ਗਿਆ ਹੈ। ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਕਿ ਬ੍ਰਿਟੋਮਾਰਟ ਸਟੇਸ਼ਨ ਵਿਖੇ 90% ਤੋਂ ਵੱਧ ਯਾਤਰੀ ਨਵੇਂ ਨਿਯਮਾਂ ਦੀ ਪਾਲਣਾ ਕਰਦੇ ਨਜ਼ਰ ਆਏ।
ਕੋਈ ਵੀ ਵਿਅਕਤੀ ਜੋ ਸਰਕਾਰੀ ਦੇ ਮਾਸਕ ਪਾਉਣ ਦੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਕੋਤਾਹੀ ਕਰਦਾ ਫੜਿਆ ਗਿਆ ਤਾਂ, ਉਸ ਨੂੰ ਵੱਧ ਤੋਂ ਵੱਧ 4000 ਜੁਰਮਾਨਾ ਜਾਂ 6 ਮਹੀਨੇ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਮਾਸਕ ਤੋਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਹੈ, ਜਿਵੇਂ ਕਿ ਸਕੂਲ ਬੱਸਾਂ ਵਿੱਚ ਸਵਾਰ ਹੋਣ ਵਾਲਿਆਂ ਨੂੰ ਵੀ ਛੋਟ ਹੈ। ਮੈਡੀਕਲ ਸਥਿਤੀਆਂ ਵਾਲੇ ਲੋਕ ਨੂੰ ਵੀ ਛੋਟ ਹੈ ਜਿਨ੍ਹਾਂ ਨੂੰ ਮਾਸਕ ਜਾਂ ਚਿਹਰਾ ਢੱਕਣ ਨਾਲ ਦਿੱਕਤ ਹੁੰਦੀ ਹੈ। ਇਸ ਤੋਂ ਇਲਾਵਾ ਦਮਾ ਜਾਂ ਅਪਾਹਜਤਾ ਵਾਲੇ ਲੋਕਾਂ ਨੂੰ ਵੀ ਛੋਟ ਹੈ।
ਸਮੋਆ ‘ਚ ਪਹਿਲਾ ਕੋਰੋਨਾਵਾਇਰਸ ਕੇਸ ਸਾਹਮਣੇ ਆਇਆ ਹੈ, ਜਿਸ ਨੇ ਪਿਛਲੇ ਸ਼ੁੱਕਰਵਾਰ ਨੂੰ ਆਕਲੈਂਡ ਤੋਂ ਰੀਪੈਟਰੀਏਸ਼ਨ ਫਲਾਈਟ ‘ਤੇ ਯਾਤਰਾ ਕੀਤੀ ਸੀ। ਇਹ ਆਦਮੀ ਇਕ ਸੇਲਰ (ਕਿਸ਼ਤੀ ਚਲਾਉਣ ਵਾਲਾ) ਪਿਛਲੇ ਸ਼ੁੱਕਰਵਾਰ ਨੂੰ ਫਲਾਈਟ ਰਾਹੀ ਆਪੀਆ ਪਹੁੰਚਿਆ ਸੀ ਅਤੇ ਚਾਰ ਦਿਨਾਂ ਬਾਅਦ ਕੁਆਰੰਟੀਨ ਸਹੂਲਤ ਵਿੱਚ ਹੋਏ ਟੈੱਸਟ ਦੌਰਾਨ ਪਾਜ਼ੇਟਿਵ ਆਇਆ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ 2 ਨਵੇਂ ਕੇਸ ਬਾਡਰ ਤੋਂ ਹੀ ਆਏ ਹਨ, ਜਿਨ੍ਹਾਂ ਵਿੱਚ ਪਹਿਲਾ ਕੇਸ 14 ਨਵੰਬਰ ਨੂੰ ਮਾਸਕੋ ਤੋਂ ਲੰਡਨ, ਕਤਰ ਅਤੇ ਬ੍ਰਿਸਬੇਨ ਦੇ ਰਸਤੇ ਨਿਊਜ਼ੀਲੈਂਡ ਆਇਆ, ਜਦੋਂ ਕਿ ਦੂਜਾ ਕੇਸ 14 ਨਵੰਬਰ ਨੂੰ ਦੁਬਈ ਤੋਂ ਆਇਆ ਸੀ। ਇਹ ਤਿੰਨੋਂ ਕੇਸ ਮੈਨੇਜਡ ਆਈਸੋਲੇਸ਼ਨ ਵਿੱਚ ਰਹਿੰਦੇ ਹੋਏ ਤੀਜੇ ਦਿਨ ਦੇ ਰੁਟੀਨ ਟੈੱਸਟ ਵਿੱਚ ਪਾਜ਼ੇਟਿਵ ਆਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 37 ਹੋ ਗਈ ਹੈ, ਕਿਉਂਕਿ ਵੱਡੀ ਗਿਣਤੀ ਯਾਨੀ 29 ਵਿਅਕਤੀ ਰਿਕਵਰ ਹੋਏ ਹਨ। ਕੱਲ੍ਹ ਦੇਸ਼ ਭਰ ਦੀਆਂ ਲੈਬਾਰਟਰੀਆਂ ਨੇ ਕੋਵਿਡ -19 ਦੇ 8,665 ਟੈੱਸਟ ਕੀਤੇ, ਜਿਸ ਨਾਲ ਪੂਰੇ ਹੋਏ ਟੈੱਸਟਾਂ ਦੀ ਗਿਣਤੀ 1,208,091 ਹੋ ਗਈ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2010 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,654 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1948 ਹੋ ਗਈ ਹੈ, ਕੱਲ੍ਹ 29 ਕੇਸ ਰਿਕਵਰ ਹੋਏ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।