ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਲਗਾਤਾਰ ਪੰਜਵੇਂ ਦਿਨ ਕੋਈ ਨਵਾਂ ਕੇਸ ਨਹੀਂ ਤੇ ਹਸਪਤਾਲ ਵਿੱਚ ਕੋਈ ਮਰੀਜ਼ ਨਹੀਂ – ਐਸ਼ਲੇ ਬਲੂਮਫੀਲਡ

ਵੈਲਿੰਗਟਨ, 27 ਮਈ – ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਖ਼ੁਲਾਸਾ ਕੀਤਾ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ ਅਤੇ ਇਹ ਲਗਾਤਾਰ ਪੰਜਵਾਂ ਦਿਨ ਹੈ ਜਦੋਂ ਨਿਊਜ਼ੀਲੈਂਡ ‘ਚ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਸਿਰਫ਼ 21 ਐਕਟਿਵ ਕੇਸ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਲੌਕਡਾਉਨ ਲੱਗਣ ਤੋਂ ਬਾਅਦ ਕੋਈ ਵੀ ਮਰੀਜ਼ ਪਹਿਲੀ ਵਾਰ ਕੋਵਿਡ -19 ਦੇ ਨਾਲ ਹਸਪਤਾਲ ਵਿੱਚ ਨਹੀਂ ਹੈ।
ਬੁੱਧਵਾਰ ਦੁਪਹਿਰ 1 ਵਜੇ ਪ੍ਰੈੱਸ ਕਾਨਫ਼ਰੰਸ ਨੈਸ਼ਨਲ ਲਾਇਬ੍ਰੇਰੀ ਆਡੀਟੋਰੀਅਮ ਵਿਖੇ ਕੀਤੀ ਗਈ। ਜਿੱਥੇ ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਦ੍ਹਰਵਾੜੇ ਵਿੱਚ ਕੋਵਿਡ -19 ਦੇ ਸਿਰਫ਼ 3 ਨਵੇਂ ਮਾਮਲੇ ਸਾਹਮਣੇ ਆਏ ਹਨ। 25 ਮਈ ਦਿਨ ਸੋਮਵਾਰ ਨੂੰ ਸਿਹਤ ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਵਾਇਰਸ ਨੂੰ ਖ਼ਤਮ ਕਰ ਦੇਵੇਗਾ ਜੇ ਘੱਟੋ ਘੱਟ 28 ਦਿਨਾਂ ਤੱਕ ਕੋਈ ਨਵਾਂ ਕੇਸ ਨਹੀਂ ਆਉਂਦਾ ਹੈ ਅਤੇ ਦੇਸ਼ ਵਿੱਚ ਬਾਰਡਰ ਦੇ ਸਖ਼ਤ ਉਪਾਅ ਜਾਰੀ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਆਖ਼ਰੀ ਕੰਨਫ਼ਰਮ ਕੀਤਾ ਗਿਆ ਕੇਸ 22 ਮਈ ਦਾ ਸੀ ਅਤੇ ਜੋ ਆਕਲੈਂਡ ਵਿੱਚ ਸੈਂਟ ਮਾਰਗਰੇਟ ਦੇ ਕਲਸਟਰ ਨਾਲ ਜੁੜਿਆ ਹੋਇਆ ਇੱਕ ਘਰੇਲੂ ਸੰਪਰਕ ਸੀ। ਮੰਗਲਵਾਰ ਨੂੰ 4279 ਟੈੱਸਟ ਪੂਰੇ ਹੋਏ, ਜਿਨ੍ਹਾਂ ਦੀ ਕੁੱਲ ਗਿਣਤੀ 267,435 ਹੋ ਗਈ ਹੈ। ਐਨ ਜ਼ੈੱਡ ਕੋਵਿਡ ਟ੍ਰੇਸਰ ਐਪ ਨੇ ਹੁਣ 422,000 ਰਜਿਸਟਰੇਸ਼ਨ ਦਰਜ ਕੀਤੀਆਂ ਹਨ – ਜੋ ਮੰਗਲਵਾਰ ਦੁਪਹਿਰ ਤੋਂ17,000 ਦਾ ਵਾਧਾ ਹੈ।
ਬਲੂਮਫੀਲਡ ਨੇ ਵੱਧ ਤੋਂ ਵੱਧ ਲੋਕਾਂ ਨੂੰ ਐਪ ਡਾਊਨਲੋਡ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਨਾਲ ਕੋਵਿਡ -19 ਦੇ ਕਿਸੇ ਵੀ ਕੇਸ ਦੀ ਪਛਾਣ ਕਰਨ, ਇਸ ਦਾ ਪਤਾ ਲਗਾਉਣ, ਜਾਂਚ ਕਰਨ ਅਤੇ ਆਈਸੋਲੇਟ ਕਰਨ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਨੇ ਕਾਰੋਬਾਰਾਂ ਦੁਆਰਾ ਵਿਲੱਖਣ QR ਕੋਡ ਨੂੰ ਸਥਾਪਤ ਕਰਨ ਅਤੇ ਚਲਾਉਣ ਲਈ ਕੀਤੇ ਜਾ ਰਹੇ ਕੰਮ ਨੂੰ ਵੀ ਮਾਨਤਾ ਦਿੱਤੀ, ਬੁੱਧਵਾਰ ਸਵੇਰ ਤੱਕ 17,000 ਪੋਸਟਰ ਬਣਾਏ ਗਏ ਸਨ।
ਬਲੂਮਫੀਲਡ ਨੇ ਕਿਹਾ ਕਿ ਅਲਰਟ ਲੈਵਲ 4 ਵਿੱਚ ਬਹੁਤ ਸਾਰੇ ਲੋਕ ਕਸਰਤ ਕਰਨ ਲਈ ਨਿਕਲੇ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਆਦਤਾਂ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਜੇ ਤੁਸੀਂ ਸਰੀਰਕ ਗਤੀਵਿਧੀਆਂ ਦੇ ਉਸ ਪੱਧਰ ਨੂੰ ਬਣਾਈ ਰੱਖ ਸਕਦੇ ਹੋ, ਤਾਂ ਇਨ੍ਹਾਂ ਸਰਦੀਆਂ ਦੇ ਦੌਰਾਨ ਤੰਦਰੁਸਤ ਰਹਿਣ ਵਿੱਚ ਤੁਹਾਡੀ ਸਹਾਇਤਾ ਕਰੇਗੀ। ਪੈਦਲ ਤੁਰਨ ਅਤੇ ਸਾਈਕਲਿੰਗ ਦੇ ਫ਼ਾਇਦਿਆਂ ਨੂੰ ਉਤਸ਼ਾਹਿਤ ਕਰਨ ਲਈ ਮੰਤਰਾਲੇ ਟਰਾਂਸਪੋਰਟ ਮੰਤਰਾਲੇ ਨਾਲ ਕੰਮ ਕਰਨਾ ਜਾਰੀ ਰੱਖ ਰਿਹਾ ਹੈ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1504 ਹੀ ਹੈ। ਜਿਨ੍ਹਾਂ ਵਿੱਚ 1,154 ਕੰਨਫ਼ਰਮ ਕੀਤੇ ਅਤੇ 350 ਪ੍ਰੋਵੈਬਲੀ ਕੇਸ ਹਨ। ਦੇਸ਼ ਭਰ ‘ਚ 21 ਐਕਟਿਵ ਕੇਸ ਹਨ ਅਤੇ ਕੋਵਿਡ -19 ਤੋਂ 1,462 ਲੋਕੀ ਰਿਕਵਰ ਹੋਏ ਹਨ। ਹਸਪਤਾਲ ਵਿੱਚ ਕੋਈ ਵੀ ਵਿਅਕਤੀ ਨਹੀਂ ਹੈ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ, ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੀਆਂ 218 ਟੈਰੇਟਰੀ ਵਿੱਚ ਕੋਰੋਨਾਵਾਇਰਸ ਤੋਂ ਪੀੜਤ 5,681,655 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 352,156 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2,430,517 ਹੈ।