ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 13 ਨਵੇਂ ਕੇਸ, 11 ਕੇਸ ਆਕਲੈਂਡ ਕਮਿਊਨਿਟੀ ਕਲੱਸਟਰ ਨਾਲ ਸੰਬੰਧਿਤ

ਵੈਲਿੰਗਟਨ, 29 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ 13 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਆਕਲੈਂਡ ਕਮਿਊਨਿਟੀ ਕਲੱਸਟਰ ਦੇ 11 ਨਵੇਂ ਕੇਸ ਹਨ ਅਤੇ 2 ਕੇਸ ਵਿਦੇਸ਼ ਤੋਂ ਵਾਪਸ ਆਇਆ ਦੇ ਹਨ ਤੇ ਮੈਨੇਜਡ ਆਈਸੋਲੇਸ਼ਨ ਨਾਲ ਜੁੜੇ ਹਨ। ਕਮਿਊਨਿਟੀ ਕਲੱਸਟਰ ਦੇ 11 ਵਿੱਚੋਂ 10 ਦਾ ਸੰਬੰਧ ਆਕਲੈਂਡ ਦੇ ਅਗਸਤ ਕਲੱਸਟਰ ਨਾਲ ਹੈ ਤੇ 1 ਜਾਂਚ ਅਧੀਨ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਮਾਊਂਟ ਰੋਸਕਿਲ ਇਵੈਂਜੈਜੀਕਲ ਫੈਲੋਸ਼ਿਪ ‘ਸਬ-ਕਲੱਸਟਰ’ ਨਾਲ 18 ਕੇਸ ਜੁੜ ਗਏ ਹਨ, ਕਿਉਂਕਿ ਅੱਜ ਇਸ ‘ਚ 6 ਹੋਰ ਨਵੇਂ ਕੇਸਾਂ ਦਾ ਵਾਧਾ ਹੋ ਗਿਆ ਹੈ। ਇਨ੍ਹਾਂ ਵਿੱਚ 4 ਇੱਕੋ ਪਰਿਵਾਰ ਦੇ ਹਨ ਅਤੇ 2 ਹੋਰ ਚਰਚ ਦੀਆਂ ਸੇਵਾਵਾਂ ਵਿੱਚ ਸ਼ਾਮਿਲ ਹੋਏ ਸਨ।
ਵਿਦੇਸ਼ ਤੋਂ ਵਾਪਸ ਪਰਤੇ 2 ਕੇਸਾਂ ਵਿੱਚ 70 ਸਾਲ ਮਹਿਲਾ ਤੇ 30 ਸਾਲਾ ਪੁਰਸ਼ ਦਾ ਹੈ, ਜੋ ਭਾਰਤ ਤੋਂ 23 ਅਗਸਤ ਨੂੰ ਏਅਰ ਇੰਡੀਆ ਦੀ ਉਡਾਣ ਰਾਹੀ ਨਿਊਜ਼ੀਲੈਂਡ ਪੁੱਜੇ ਹਨ। ਦੋਵਾਂ ਦਾ ਤੀਜੇ ਦਿਨ ਦਾ ਟੈੱਸਟ ਪਾਜ਼ੇਟਿਵ ਆਇਆ ਹੈ ਤੇ ਇਹ ਦੋਵੇਂ ਆਕਲੈਂਡ ਦੀ ਗ੍ਰੈਂਡ ਮਿਲੇਨੀਅਮ ਸਹੂਲਤ ਵਿਖੇ ਰਹਿ ਰਹੇ ਹਨ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 137 ਹੋ ਗਈ ਹੈ, ਜਿਨ੍ਹਾਂ ਵਿੱਚ ੧੧੭ ਕਮਿਊਨਿਟੀ ਕਲੱਸਟਰ ਦੇ ਕੇਸ਼ ਹਨ, ਜਦੋਂ ਕਿ ਇਨ੍ਹਾਂ ਵਿੱਚੋਂ 20 ਵਿਦੇਸ਼ਾਂ ਤੋਂ ਵਾਪਸ ਪਰਤਿਆਂ ਦੇ ਹਨ। ਦੇਸ਼ ਵਿੱਚ ਕੋਵਿਡ -19 ਤੋਂ 7 ਵਿਅਕਤੀ ਰਿਕਵਰ ਹੋਏ ਹਨ। ਕੱਲ੍ਹ ਲਗਭਗ 10,000 ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 740,321 ਟੈੱਸਟ ਪੂਰੇ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1727 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,376 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1568 ਹੈ, ਦੇਸ਼ ਵਿੱਚ ਕੋਵਿਡ -19 ਤੋਂ 7 ਹੋਰ ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 137 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 11 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 3 ਗੰਭੀਰ ਦੇਖਭਾਲ (ICU) ਵਿੱਚ ਹਨ। ਦੇਸ਼ ‘ਚ ਮੌਤਾਂ ਦੀ ਗਿਣਤੀ 22 ਹੀ ਹੈ।