ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 2 ਨਵੇਂ ਕੇਸ, ਪਾਕਿਸਤਾਨ ਤੇ ਡਬਲਿਨ ਤੋਂ ਪਰਤੇ ਯਾਤਰੀ

ਆਕਲੈਂਡ, 15 ਜੁਲਾਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਅੱਜ 2 ਨਵੇਂ ਕੇਸ ਸਾਹਮਣੇ ਆਏ ਹਨ। ਦੋਵੇਂ ਕੇਸ ਮੈਨੇਜਡ ਆਈਸੋਲੇਸ਼ਨ ਵਿੱਚ ਹਨ ਅਤੇ ਉਨ੍ਹਾਂ ਦੇ ਠਹਿਰਨ ਦੇ ਤੀਜੇ ਦਿਨ ਪਾਜ਼ਟਿਵ ਟੈੱਸਟ ਪ੍ਰਾਪਤ ਕੀਤੇ ਗਏ ਹਨ। ਦੋਵੇਂ ਵਿਦੇਸ਼ ਤੋਂ ਦੇਸ਼ ਪਰਤੇ ਯਾਤਰੀਆਂ ਨਾਲ ਸੰਬੰਧਿਤ ਹਨ।
ਪਹਿਲਾ ਕੇਸ 60 ਸਾਲਾਂ ਦੇ ਇੱਕ ਵਿਅਕਤੀ ਦਾ ਹੈ ਜੋ 10 ਜੁਲਾਈ ਨੂੰ ਪਾਕਿਸਤਾਨ ਤੋਂ ਵਾਪਸ ਆਇਆ ਸੀ। ਉਹ ਰੋਟੋਰੂਆ ਦੇ ਸੂਦੀਮਾ ਹੋਟਲ ਵਿੱਚ ਹੈ। ਜਦੋਂ ਕਿ ਦੂਜਾ ਕੇਸ 50 ਸਾਲਾਂ ਦੀ ਇੱਕ ਮਹਿਲਾ ਦਾ ਹੈ ਜੋ 10 ਜੁਲਾਈ ਨੂੰ ਡਬਲਿਨ ਤੋਂ ਆਈ ਸੀ, ਉਹ ਇੱਕ ਹੋਟਲ ਵਿੱਚ ਠਹਿਰੀ ਹੋਈ ਹੈ।
ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਇਸ ਵੇਲੇ 27 ਐਕਟਿਵ ਕੇਸ ਹਨ। ਇਨ੍ਹਾਂ ਵਿੱਚੋਂ ਕਿਸੇ ਵੀ ਮਰੀਜ਼ ਨੂੰ ਹਸਪਤਾਲ ‘ਚ ਦੇਖਭਾਲ ਦੀ ਜ਼ਰੂਰਤ ਨਹੀਂ ਹੈ। ਕੱਲ੍ਹ ਰਾਸ਼ਟਰੀ ਪੱਧਰ ‘ਤੇ ਕੁਲ 2061 ਟੈੱਸਟ ਪੂਰੇ ਕੀਤੇ ਗਏ ਸਨ, ਜਿਸ ਨਾਲ ਦੇਸ਼ ਵਿੱਚ ਕੁੱਲ ਪੂਰੇ ਕੀਤੇ ਗਏ ਟੈੱਸਟਾਂ ਦੀ ਗਿਣਤੀ 433,324 ਹੋ ਗਈ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1547 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,197 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹਨ। ਕੋਰੋਨਾਵਾਇਰਸ ਤੋਂ ਹੁਣ ਤੱਕ 1498 ਰਿਕਵਰ ਹੋਏ ਹਨ। ਕੋਵਿਡ -19 ਤੋਂ 1 ਕੇਸ ਰਿਕਵਰ ਹੋਇਆ ਹੈ, ਜਿਸ ਨਾਲ ਦੇਸ਼ ਵਿੱਚ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ 25 ਹੀ ਹੈ ਅਤੇ ਸਾਰੇ ਹੀ ਮੈਨੇਜਡ ਆਈਸੋਲੇਸ਼ਨ ਵਿੱਚ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖ਼ਲ ਨਹੀਂ ਹੈ। ਮੌਤਾਂ ਦੀ ਗਿਣਤੀ 22 ਹੀ ਹੈ।