ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 2 ਹੋਰ ਨਵੇਂ ਕੇਸ, 1 ਕੇਸ ਰਿਕਵਰ ਹੋਇਆ

ਵੈਲਿੰਗਟਨ, 23 ਜੂਨ – ਨਿਊਜ਼ੀਲੈਂਡ ਦੇ ਵਿੱਚ ਕੋਰੋਨਾਵਾਇਰਸ ਦੀ ਗਿਣਤੀ ਹੁਣ ਰੋਜ਼ਾਨਾ ਵਧਣ ਲੱਗ ਪਈ ਹੈ। ਨਿਊਜ਼ੀਲੈਂਡ ‘ਚ ਅੱਜ ਕੋਵਿਡ -19 ਦੇ 2 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ ਹੁਣ 10 ਹੋ ਗਈ ਹੈ, ਜਦੋਂ ਕਿ ਇਹ ਗਿਣਤੀ ਵੱਧ ਕੇ 11 ਦੀ ਹੋਣੀ ਸੀ ਪਰ ਇਨ੍ਹਾਂ ਵਿੱਚੋਂ 1 ਕੇਸ ਰਿਕਵਰ ਹੋਇਆ ਹੈ। ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਦੋਵੇਂ ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਵਿੱਚ ਹਨ।
ਉਨ੍ਹਾਂ ਦੱਸਿਆ ਕਿ ਕੋਵਿਡ -19 ਦੇ ਅੱਜ ਦੇ ਦੋ ਨਵੇਂ ਕੇਸਾਂ ਵਿੱਚ ਇੱਕ 20 ਸਾਲਾਂ ਪੁਰਸ਼ ਹੈ ਜੋ 19 ਜੂਨ ਨੂੰ ਭਾਰਤ ਤੋਂ ਆਇਆ ਸੀ। ਉਸ ਨੂੰ ਪੂਲਮੈਨ ਹੋਟਲ ਤੋਂ ਜੈੱਟਪਾਰਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਹੈ। ਜਦੋਂ ਕਿ ਦੂਜਾ ਵੀ 20 ਸਾਲਾਂ ਦਾ ਇੱਕ ਪੁਰਸ਼ ਹੈ ਜੋ 18 ਜੂਨ ਨੂੰ ਅਮਰੀਕਾ ਦੇ ਲਾਸ ਏਂਜਲਸ ਤੋਂ ਆਇਆ ਸੀ ਤੇ ਉਹ ਪਹਿਲੇ ਦਿਨ ਤੋਂ ਹੀ ਜੈੱਟਪਾਰਕ ਹੋਟਲ ਵਿੱਚ ਹੈ। ਇਹ ਦੋਵੇਂ ਕੇਸ ਤੀਜੇ ਦਿਨ ਹੋਣ ਵਾਲੇ ਟੈੱਸਟਾਂ ਦੇ ਵਿੱਚ ਪਾਏ ਗਏ ਹਨ।
ਬਲੂਮਫੀਲਡ ਨੇ ਕਿਹਾ ਕਿ ਵੈਲਿੰਗਟਨ ਵਿਖੇ 1 ਮਹਿਲਾ ਆਈਸੋਲੇਸ਼ਨ ਵਿੱਚ ਸੀ, ਜੋ ਬ੍ਰਿਟੇਨ ਤੋਂ ਆਈ ਹੋਈ ਸੀ। ਉਹ ਰਿਕਵਰ ਹੋ ਗਈ ਹੈ। ਇਸ ਦੇ ਲੱਛਣਾਂ ਦੀ ਆਖ਼ਰੀ ਸ਼ੁਰੂਆਤ ਤੋਂ 10 ਦਿਨ ਹੋ ਗਏ ਹਨ, ਉਹ 48 ਘੰਟਿਆਂ ਲਈ ਲੱਛਣ ਰਹਿਤ ਰਹੀ ਹੈ ਅਤੇ ਉਸ ਨੇ ਇੱਕ ਨਕਾਰਾਤਮਿਕ ਟੈੱਸਟ ਦਿੱਤਾ ਹੈ।
ਸੋਮਵਾਰ ਨੂੰ ਕੁੱਲ 4303 ਟੈੱਸਟ ਪੂਰੇ ਕੀਤੇ ਗਏ ਸਨ। ਦੇਸ਼ ਭਰ ਵਿੱਚ ਹੁਣ ਤੱਕ ਮੁਕੰਮਲ ਹੋਏ ਟੈੱਸਟਾਂ ਦੀ ਗਿਣਤੀ 348,822 ਹੋ ਗਈ ਹੈ। ਕੁੱਲ ਮਿਲਾ ਕੇ ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੇ 1515 ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੇਸ ਹੋ ਗਏ ਹਨ। ਜਦੋਂ ਕਿ ਕੋਵਿਡ -19 ਤੋਂ 1,483 ਲੋਕੀ ਰਿਕਵਰ ਹੋਏ ਹਨ। ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ। ਹਸਪਤਾਲ ਦੇ ਵਿਚ ਇਸ ਵੇਲੇ ਕੋਈ ਨਹੀਂ ਹੈ।