ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 1 ਹੋਰ ਨਵੇਂ ਕੇਸ ਆਇਆ

ਆਕਲੈਂਡ, 30 ਜੁਲਾਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਕੋਵਿਡ-19 ਦਾ ਅੱਜ 1 ਹੋਰ ਨਵਾਂ ਕੇਸ ਸਾਹਮਣੇ ਆਇਆ ਹੈ ਅਤੇ ਉਹ ਮੈਨੇਜਡ ਆਈਸੋਲੇਸ਼ਨ ਵਿੱਚ ਹੈ। ਨਵਾਂ ਮਾਮਲਾ 20 ਸਾਲਾਂ ਦੀ ਇੱਕ ਮਹਿਲਾ ਦਾ ਹੈ ਜੋ 24 ਜੁਲਾਈ ਨੂੰ ਆਇਰਲੈਂਡ ਤੋਂ ਦੁਬਈ ਪਹੁੰਚੀ ਸੀ। ਉਹ ਰੋਟਰੂਆ ਦੇ ਰਾਈਡਜ਼ ਹੋਟਲ ਵਿੱਚ ਠਹਿਰੀ ਹੋਈ ਸੀ ਅਤੇ ਉਸ ਤੋਂ ਬਾਅਦ ਕੁਆਰੰਟਾਈਨ ਹੋਣ ਲਈ ਆਕਲੈਂਡ ਤਬਦੀਲ ਕਰ ਦਿੱਤੀ ਗਈ।
ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਜਨਤਕ ਸਿਹਤ ਦਾ ਜੋਖ਼ਮ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਾਰੀਆਂ ਫਾਲੋ-ਅੱਪ ਗਤੀਵਿਧੀਆਂ ਅਤੇ ਕਮਿਊਨਿਟੀ ਵਿੱਚ ਸਾਡੀ ਚੱਲ ਰਹੀ ਪਰੀਖਿਆ ਦਾ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਨਿਊਜ਼ੀਲੈਂਡ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਹੈ। ਨਿਊਜ਼ੀਲੈਂਡ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦੇ ਆਖ਼ਰੀ ਕੇਸ ਦੇ ਸਬੂਤ ਨੂੰ 90 ਦਿਨ ਹੋ ਗਏ ਹਨ। ਕੋਵਿਡ -19 ਦਾ ਕਮਿਊਨਿਟੀ ‘ਚ ਫੈਲਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
ਗੌਰਤਲਬ ਹੈ ਕਿ ਦੱਖਣੀ ਕੋਰੀਆ ਦਾ ਇੱਕ ਵਿਅਕਤੀ ਜਿਸ ਦਾ ਨਿਊਜ਼ੀਲੈਂਡ ਛੱਡਣ ਤੋਂ ਬਾਅਦ ਕੋਵਿਡ -19 ਟੈੱਸਟ ਪਾਜ਼ੇਟਿਵ ਆਇਆ ਸੀ। ਉਸ ਨੇ ਟੈਸਟਿੰਗ ਗ਼ਲਤੀ ਨੂੰ ਰੱਦ ਕਰਦਿਆਂ ਦੂਜਾ ਟੈੱਸਟ ਪਾਜ਼ੇਟਿਵ ਦਿੱਤਾ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਤਿੰਨ ਸੰਭਾਵਨਾਵਾਂ ਛੱਡਦਾ ਹੈ ਕਿ ਆਦਮੀ ਨੂੰ ਪੁਰਾਣਾ ਇਨਫੈਕਸ਼ਨ ਹੋਣਾ ਜਿਸ ਕਰਕੇ ਪਾਜ਼ੇਟਿਵ ਨਤੀਜਾ ਆਇਆ, ਕਿ ਉਹ ਟਰਾਂਜ਼ਿਟ ਵਿੱਚ ਸੰਕਰਮਿਤ ਸੀ ਜਾਂ ਉਹ ਨਿਊਜ਼ੀਲੈਂਡ ਵਿੱਚ ਸੰਕਰਮਿਤ ਸੀ।
ਹੁਣ ਤੱਕ ਪਰਖੇ ਗਏ ਸਾਰੇ ਨਜ਼ਦੀਕੀ ਅਤੇ ਅਸਪਸ਼ਟ ਸੰਪਰਕ ਨੇ ਨੈਗੇਟਿਵ ਨਤੀਜੇ ਦਿੱਤੇ ਹਨ, ਜਿਨ੍ਹਾਂ ਵਿੱਚ ਉਹ 5 ਵਿਅਕਤੀ ਵੀ ਸ਼ਾਮਲ ਹਨ ਜੋ ਉਸ ਆਦਮੀ ਨਾਲ ਆਕਲੈਂਡ ਵਿੱਚ ਰਹਿ ਰਹੇ ਸਨ।
ਇਸ ਨਵੇਂ ਕੇਸ ਨਾਲ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 24 ਹੋ ਗਈ ਹੈ ਅਤੇ ਕੋਈ ਵੀ ਵਿਅਕਤੀ ਹਸਪਤਾਲ ਵਿੱਚ ਨਹੀਂ ਹੈ। ਕੱਲ੍ਹ 2,733 ਤੋਂ ਜ਼ਿਆਦਾ ਟੈੱਸਟ ਕੀਤੇ ਗਏ, ਜਿਨ੍ਹਾਂ ‘ਚ 2,481 ਟੈੱਸਟ ਕਮਿਊਨਿਟੀ ਵਿੱਚੋਂ ਕੀਤੇ ਗਏ। ਟੈੱਸਟ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ ਵਿੱਚੋਂ ਵੀ ਕੀਤੇ ਗਏ। ਦੇਸ਼ ਭਰ ਵਿੱਚ ਹੁਣ ਤੱਕ ਕੀਤੇ ਕੁੱਲ ਟੈੱਸਟਾਂ ਦੀ ਗਿਣਤੀ 460,067 ਹੋ ਗਈ ਹੈ। ਵਰਲਡ ਹੈਲਥ ਆਰਗਨਾਈਜ਼ੇਸ਼ਨ (WHO) ਨੂੰ ਰਿਪੋਰਟ ਕੀਤੇ ਗਏ ਕੁੱਲ ਕੰਨਫ਼ਰਮ ਕੇਸਾਂ ਦੀ ਗਿਣਤੀ 1210 ਦੱਸੀ ਗਈ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1560 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,210 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਹੁਣ ਤੱਕ 1514 ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ 24 ਹੋ ਗਈ ਹੈ ਅਤੇ ਸਾਰੇ ਹੀ ਮੈਨੇਜਡ ਆਈਸੋਲੇਸ਼ਨ ਤੇ ਕੁਆਰੰਟੀਨ ਸਹੂਲਤਾਂ ਵਿੱਚ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖ਼ਲ ਨਹੀਂ ਹੈ। ਮੌਤਾਂ ਦੀ ਗਿਣਤੀ 22 ਹੀ ਹੈ।