ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 2 ਨਵੇਂ ਕੇਸ ਆਏ

ਆਕਲੈਂਡ, 5 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਕੋਵਿਡ-19 ਦੇ ਅੱਜ 2 ਨਵੇਂ ਕੇਸ ਸਾਹਮਣੇ ਆਏ ਹਨ, ਜੋ ਇੱਕ ਪੁਰਸ਼ ਅਤੇ ਮਹਿਲਾ ਦਾ ਹੈ। ਦੋਵੇਂ ਨਵੇਂ ਕੇਸ ਫਿਲਪੀਨਜ਼ ਤੋਂ ਪਰਤੇ ਯਾਤਰੀਆਂ ਦੇ ਹਨ ਅਤੇ ਮੈਨੇਜਡ ਆਈਸੋਲੇਸ਼ਨ ਵਿੱਚ ਹਨ। ਪਹਿਲਾ ਕੇਸ 20 ਸਾਲਾਂ ਦਾ ਇੱਕ ਵਿਅਕਤੀ ਹੈ ਜੋ 23 ਜੁਲਾਈ ਨੂੰ ਹਾਂਗ ਕਾਂਗ ਦੇ ਰਸਤੇ ਫਿਲਪੀਨਜ਼ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ। ਉਸ ਨੇ ਰੋਟਰੂਆ ਦੇ ਰੈੱਡਜ਼ਸ ਵਿਖੇ ਮੈਨੇਜਡ ਆਈਸੋਲੇਸ਼ਨ ਵਿੱਚ ਰਹਿੰਦੇ ਹੋਏ ਕੋਵਿਡ -19 ਦੇ ਲਈ ਤਿੰਨ ਦਿਨ ਠਹਿਰਨ ਦੇ ਦੌਰਾਨ ਨੈਗੇਟਿਵ ਟੈੱਸਟ ਦਿੱਤਾ ਸੀ। ਪਰ ਹੁਣ ਉਹ ਆਪਣੇ 12ਵੇਂ ਦਿਨ ਦੇ ਟੈੱਸਟ ਵਿੱਚ ਪਾਜ਼ੇਟਿਵ ਆਇਆ ਹੈ ਤੇ ਉਸ ਨੂੰ ਆਕਲੈਂਡ ਵਿਖੇ ਕੁਆਰੰਟੀਨ ਦੀ ਸਹੂਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਦੂਜਾ ਕੇਸ 40 ਸਾਲਾਂ ਦੀ ਇੱਕ ਮਹਿਲਾ ਦਾ ਹੈ ਜੋ ਕਿ 1 ਅਗਸਤ ਨੂੰ ਨਿਊਜ਼ੀਲੈਂਡ ਪਹੁੰਚੀ ਸੀ, ਇਹ ਵੀ ਫਿਲਪੀਨਜ਼ ਤੋਂ ਹਾਂਗ ਕਾਂਗ ਦੇ ਰਸਤੇ ਆਈ ਸੀ। ਉਹ ਆਕਲੈਂਡ ਦੇ ਗ੍ਰੈਂਡ ਮਿਲੇਨੀਅਮ ਵਿਖੇ ਮੈਨੇਜਡ ਆਈਸੋਲੇਸ਼ਨ ਵਿੱਚ ਰਹਿ ਰਹੀ ਹੈ ਅਤੇ ਤੀਜੇ ਦਿਨ ਦੇ ਟੈੱਸਟ ਵਿੱਚ ਪਾਜ਼ੇਟਿਵ ਆਈ ਸੀ।
ਸਿਹਤ ਮੰਤਰਾਲੇ ਨੇ ਅੱਪਡੇਟ ਕਰਦੇ ਹੋਏ ਦੱਸਿਆ ਕਿ ਕੋਵਿਡ -19 ਦੇ ਐਕਟਿਵ ਕੇਸਾਂ ਦੀ ਹੁਣ ਕੁੱਲ ਗਿਣਤੀ 24 ਉੱਤੇ ਪਹੁੰਚ ਗਈ ਹੈ। ਨਿਊਜ਼ੀਲੈਂਡ ਵਿੱਚ ਕੰਨਫ਼ਰਮ ਕੇਸਾਂ ਦੀ ਗਿਣਤੀ 1219 ਹੋ ਗਈ ਹੈ। ਕੱਲ੍ਹ 4,140 ਟੈੱਸਟ ਕੀਤੇ ਗਏ, ਜਿਨ੍ਹਾਂ ‘ਚੋਂ 485 ਟੈੱਸਟ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ ਵਿੱਚੋਂ ਵੀ ਕੀਤੇ ਗਏ। ਦੇਸ਼ ਭਰ ਵਿੱਚ ਹੁਣ ਤੱਕ ਕੀਤੇ ਕੁੱਲ ਟੈੱਸਟਾਂ ਦੀ ਗਿਣਤੀ 477,909 ਹੋ ਗਈ ਹੈ।
ਹਾਊਸਿੰਗ ਮਨਿਸਟਰ ਮੇਗਨ ਵੁੱਡਸ ਨੇ ਕਿਹਾ ਕਿ ਨਿਊਜ਼ੀਲੈਂਡ ਵਾਪਸ ਪਰਤ ਰਹੇ ਕੀਵੀਆਂ ਨੂੰ ਚਾਰਜ ਦੇਣ ਦਾ ਕਾਨੂੰਨ ਹੁਣ ਸਾਰੇ ਪੜਾਅ ਲੰਘ ਗਿਆ ਹੈ ਅਤੇ ਫ਼ੀਸ ਅਗਸਤ ਦੇ ਅੱਧ ਵਿੱਚ ਲਾਗੂ ਹੋ ਜਾਏਗੀ। ਏਅਰ ਕਮੋਡੋਰ ਡਿਗੀ ਵੈੱਬ ਨੇ ਕਿਹਾ ਕਿ ਹੁਣ 35,000 ਤੋਂ ਜ਼ਿਆਦਾ ਲੋਕ ਸਰਹੱਦ ਰਾਹੀ ਆਈਸੋਲੇਸ਼ਨ ਸਹੂਲਤਾਂ ਵਿੱਚ ਆ ਚੁੱਕੇ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1569 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,217 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1523 ਹੋ ਗਈ ਹੈ। ਜਿਸ ਨਾਲ ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 24 ਹੋ ਗਈ ਹੈ ਅਤੇ ਸਾਰੇ ਹੀ ਮੈਨੇਜਡ ਆਈਸੋਲੇਸ਼ਨ ਤੇ ਕੁਆਰੰਟੀਨ ਸਹੂਲਤਾਂ ਵਿੱਚ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖ਼ਲ ਨਹੀਂ ਹੈ। ਮੌਤਾਂ ਦੀ ਗਿਣਤੀ 22 ਹੀ ਹੈ।