ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 4 ਹੋਰ ਨਵੇਂ ਕੇਸ, 2 ਕਮਿਊਨਿਟੀ ਤੇ 2 ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ

ਵੈਲਿੰਗਟਨ, 7 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਅੱਜ 4 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 2 ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਹੈ ਅਤੇ 2 ਕੇਸ ਆਕਲੈਂਡ ਕਮਿਊਨਿਟੀ ਕਲੱਸਟਰ ਨਾਲ ਸੰਬੰਧਿਤ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਪਹਿਲਾ ਕਮਿਊਨਿਟੀ ਕੇਸ ਇੱਕ ਮੌਜੂਦਾ ਮਰੀਜ਼ ਦਾ ਨਜ਼ਦੀਕੀ ਸੰਪਰਕ ਹੈ, ਜਿਸ ਨੂੰ ਮਹਾਂਮਾਰੀ ਵਿਗਿਆਨਕ ਵੱਲੋਂ ਕਲੱਸਟਰ ਨਾਲ ਜੋੜਿਆ ਗਿਆ ਹੈ। ਦੂਜਾ ਕੇਸ ਮਾਊਂਟ ਰੋਸਕਿਲ ‘ਮਿੰਨੀ ਕਲੱਸਟਰ’ ਨਾਲ ਜੁੜੇ ਇੱਕ ਕੰਨਫ਼ਰਮ ਕੀਤੇ ਕੇਸ ਦਾ ਘਰੇਲੂ ਸੰਪਰਕ ਹੈ। ਆਕਲੈਂਡ ਕਲੱਸਟਰ ਵਿੱਚ ਹੁਣ 161 ਲੋਕ ਜੁੜ ਗਏ ਹਨ।
ਵਿਦੇਸ਼ ਤੋਂ ਪਰਤਿਆਂ ਵਿਚਲੇ ਨਵੇਂ 2 ਕੇਸਾਂ ਵਿੱਚੋਂ ਪਹਿਲਾ ਕੇਸ 4 ਸਾਲ ਤੋਂ ਘੱਟ ਉਮਰ ਦਾ ਲੜਕਾ ਹੈ ਅਤੇ ਦੂਜਾ ਕੇਸ ੨੦ ਸਾਲਾਂ ਦੀ ਇੱਕ ਔਰਤ ਦਾ ਹੈ। ਦੋਵੇਂ 23 ਅਗਸਤ ਨੂੰ ਭਾਰਤ ਤੋਂ ਨਿਊਜ਼ੀਲੈਂਡ ਵਾਪਸ ਆਏ ਸਨ ਅਤੇ ਉਹ ਦੋਵੇਂ ਪਹਿਲਾਂ ਦੱਸੇ ਗਏ ਵੱਖਰੇ ਕੇਸਾਂ ਦਾ ਨੇੜਲਾ ਸੰਪਰਕ ਹਨ। ਉਸ ਫਲਾਈਟ ਤੋਂ ਬਹੁਤ ਸਾਰੇ ਆਯਾਤ ਕੇਸ ਹੋਏ ਹਨ।
ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 118 ਹੋ ਗਈ ਹੈ। ਜਿਨ੍ਹਾਂ ਵਿੱਚ 77 ਕੇਸ ਕਮਿਊਨਿਟੀ ਦੇ ਹਨ, ਜਦੋਂ ਕਿ 41 ਕੇਸ ਵਿਦੇਸ਼ਾਂ ਤੋਂ ਵਾਪਸ ਪਰਤਿਆਂ ਦੇ ਹਨ। ਦੇਸ਼ ਵਿੱਚ ਅੱਜ ਕੋਵਿਡ -19 ਤੋਂ 2 ਵਿਅਕਤੀ ਰਿਕਵਰ ਹੋਏ ਹਨ। ਕੱਲ੍ਹ ਲੈਬ ਵੱਲੋਂ 4,000 ਦੇ ਲਗਭਗ ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 818,629 ਟੈੱਸਟ ਪੂਰੇ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1776 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,425 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1634 ਹੈ, ਦੇਸ਼ ਵਿੱਚ ਕੋਵਿਡ -19 ਤੋਂ 2 ਹੋਰ ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 116 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 4 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 1 ਗੰਭੀਰ ਦੇਖਭਾਲ (ICU) ਵਿੱਚ ਹਨ। ਦੇਸ਼ ‘ਚ ਮੌਤਾਂ ਦੀ ਗਿਣਤੀ 24 ਹੋ ਗਈ ਹੈ।