ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ ਕੋਈ ਨਵਾਂ ਕੇਸ ਨਹੀਂ, ਤੁਹਾਡੇ ਕੋਲ ਘਰ ‘ਚ ਮਾਸਕ ਹੋਣ – ਸਿਹਤ ਮੰਤਰੀ

ਆਕਲੈਂਡ, 6 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦਾ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਪਰ ਸਿਹਤ ਮੰਤਰੀ ਕ੍ਰਿਸ ਹਿਪਕਿਨਸ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕੋਵਿਡ -19 ਦੇ ਹੋਰ ਫੈਲਣ ਦੀ ਸਥਿਤੀ ਵਿੱਚ ਪਰਿਵਾਰਾਂ ਨੂੰ ਆਪਣੀ ਐਮਰਜੈਂਸੀ ਸਪਲਾਈ ਕਿੱਟਾਂ ਵਿੱਚ ਮਾਸਕ ਸ਼ਾਮਲ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੈਡੀਕਲ-ਗ੍ਰੇਡ ਦੇ ਮਾਸਕ ਦੀ ਜ਼ਰੂਰਤ ਨਹੀਂ।
ਉਨ੍ਹਾਂ ਨੇ ਕਿਹਾ ਜੇ ਨਿਊਜ਼ੀਲੈਂਡ ਅਲਰਟ ਲੈਵਲ 2 ਵੱਲ ਜਾਂਦਾ ਹੈ, ਤਾਂ ਉਸ ਸਮੇਂ ਕੀਵੀਸ ਨੂੰ ਮਾਸਕ ਪਹਿਨਣ ਲਈ ਉਤਸ਼ਾਹਿਤ ਕੀਤਾ ਜਾਏਗਾ ਜਿੱਥੇ ਸਰੀਰਕ ਦੂਰੀਆਂ (ਫਿਜ਼ੀਕਲ ਡਿਸਟੈਂਸ) ਸੰਭਵ ਨਹੀਂ ਹਨ, ਜਿਵੇਂ ਕਿ ਪਬਲਿਕ ਟ੍ਰਾਂਸਪੋਰਟ। ਸਿਹਤ ਮੰਤਰੀ ਹਿਪਕਿਨਸ ਨੇ ਕਿਹਾ ਕਿ ਕੋਵਿਡ -19 ਦੇ ਆਉਣ ‘ਤੇ ‘ਇਹ ਸਭ ਤੇਜ਼ੀ ਨਾਲ ਬਦਲ ਸਕਦਾ ਹੈ’ ਕਹਿਣਾ ‘ਡਰਾਉਣਾ’ ਨਹੀਂ ਹੈ, ‘ਇਹ ਤੱਥ ਦਾ ਬਿਆਨ ਹੈ’। ਹਿਪਕਿਨਸ ਨੇ ਕਿਹਾ ਕਿ ਕੋਵਿਡ -19 ਬਾਰੇ ‘ਹਮੇਸ਼ਾ ਚੌਕਸ’ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਚੋਣਾਂ ਦੇ ਲਈ ਵਾਇਰਸ ਛੇ ਹਫ਼ਤੇ ਅਰਾਮ (Weeks Off) ਦਾ ਸਮਾਂ ਨਹੀਂ ਲਵੇਗਾ। ਉਨ੍ਹਾਂ ਨੇ ਦੁਹਰਾਇਆ ਕਿ ਇੱਥੇ ਕੋਈ ਕਮਿਊਨਿਟੀ ਆਊਟਬ੍ਰੇਕ ਨਹੀਂ ਹੈ, ਪਰ ਕਿਹਾ ਕਿ ਅਜਿਹਾ ਹੋਣ ਦੀ ਸਥਿਤੀ ਵਿੱਚ ਲੋਕਾਂ ਨੂੰ ਤਿਆਰੀ ਰਹਿਣਾ ਚਾਹੀਦੀ ਹੈ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਇਹ ਆਮ ਤਿਆਰੀ ਬਾਰੇ ਹੈ, ਇਹ ਤਿਆਰ ਹੋਣ ਦੇ ਬਾਰੇ ਹੈ, ‘ਇਹ ਅਲਾਰਮ ਦਾ ਕਾਰਣ ਨਹੀਂ ਹੈ’।
ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਮਾਸਕ ਲੋਕਾਂ ਵਿੱਚ ਕੋਵਿਡ -19 ਦੇ ਫੈਲਣ ਦੇ ਜੋਖ਼ਮ ਨੂੰ ਘਟਾਉਣ ਵਿੱਚ ਮਦਦ ਕਰਨ ਲਈ ‘ਟੂਲ ਬਾਕਸ ਵਿੱਚ ਇਕ ਟੂਲ’ ਹੈ। ਉਨ੍ਹਾਂ ਕਿਹਾ ਸਿਹਤ ਮੰਤਰਾਲੇ ਦੀ ਵੈੱਬਸਾਈਟ ‘ਤੇ ਮਾਸਕ ਕਿਵੇਂ ਲਗਾਉਣਾ ਹੈ ਇਸ ਬਾਰੇ ਜਾਣਕਾਰੀ ਹੈ।
ਬਲੂਮਫੀਲਡ ਨੇ ਕਿਹਾ ਕਿ ਮਾਸਕ ਮੁੜ ਵਰਤੋਂ ਯੋਗ ਹੋ ਸਕਦੇ ਹਨ, ਜਿਨ੍ਹਾਂ ਨੂੰ ਆਨਲਾਈਨ ਜਾਂ ਸਟੋਰਾਂ ‘ਤੋਂ ਖ਼ਰੀਦਿਆ ਜਾ ਸਕਦਾ ਹੈ। ਉਨ੍ਹਾਂ ਨੇ ਅੱਪਡੇਟ ਕਰਦੇ ਹੋਏ ਦੱਸਿਆ ਕਿ ਕੋਵਿਡ -19 ਦੇ ਐਕਟਿਵ ਕੇਸਾਂ ਦੀ ਹੁਣ ਕੁੱਲ ਗਿਣਤੀ 23 ਉੱਤੇ ਪਹੁੰਚ ਗਈ ਹੈ, ਕਿਉਂਕਿ ਕੱਲ੍ਹ 1 ਕੇਸ ਰਿਕਵਰ ਹੋਇਆ ਹੈ। ਨਿਊਜ਼ੀਲੈਂਡ ਵਿੱਚ ਕੰਨਫ਼ਰਮ ਕੇਸਾਂ ਦੀ ਗਿਣਤੀ 1219 ਹੀ ਹੈ। ਕੱਲ੍ਹ 5,000 ਤੋਂ ਉੱਪਰ ਟੈੱਸਟ ਕੀਤੇ ਗਏ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1569 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,217 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1524 ਹੋ ਗਈ ਹੈ, ਕਿਉਂਕਿ ਕੱਲ੍ਹ 1 ਕੇਸ ਰਿਕਵਰ ਹੋਇਆ ਹੈ। ਜਿਸ ਨਾਲ ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 23 ਹੋ ਗਈ ਹੈ ਅਤੇ ਸਾਰੇ ਹੀ ਮੈਨੇਜਡ ਆਈਸੋਲੇਸ਼ਨ ਤੇ ਕੁਆਰੰਟੀਨ ਸਹੂਲਤਾਂ ਵਿੱਚ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖ਼ਲ ਨਹੀਂ ਹੈ। ਮੌਤਾਂ ਦੀ ਗਿਣਤੀ 22 ਹੀ ਹੈ।