ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 13 ਨਵੇਂ ਕੇਸ ਸਾਹਮਣੇ ਆਏ, ਕਮਿਊਨਿਟੀ ‘ਚੋਂ 12 ਤੇ 1 ਕੇਸ ਆਈਸੋਲੇਸ਼ਨ ਵਿੱਚੋਂ ਆਇਆ

ਵੈਲਿੰਗਟਨ, 16 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿਚ ਕੋਵਿਡ -19 ਦੇ 13 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਕਮਿਊਨਿਟੀ ਵਿੱਚੋਂ 12 ਅਤੇ 1 ਕੇਸ ਆਈਸੋਲੇਸ਼ਨ ਵਿੱਚੋਂ ਆਇਆ ਹੈ। ਸਰਕਾਰ ਵੱਲੋਂ ਨਿਊਜ਼ੀਲੈਂਡ ਵਾਸੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਸੋਸ਼ਲ ਮੀਡੀਆ ‘ਤੇ ਪੜ੍ਹੀ ਜਾ ਰਹੀ ਅਪ੍ਰਮਾਣਿਤ ਜਾਣਕਾਰੀ ‘ਤੇ ਭਰੋਸਾ ਨਾ ਕਰਨ।
ਸਿਹਤ ਮੰਤਰੀ ਕ੍ਰਿਸ ਹਿਪਕਿਨਸ ਅਤੇ ਸਿਹਤ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਅੱਜ ਦਾ ਕੋਵਿਡ ਅੱਪਡੇਟ ਦਿੱਤਾ। ਡਾਇਰੈਕਟਰ ਜਨਰਲ ਡਾ. ਬਲੂਮਫੀਲਡ ਨੇ ਕਿਹਾ ਕਿ ਕਮਿਊਨਿਟੀ ਦੇ ਸਾਰੇ 12 ਕੇਸ ਆਕਲੈਂਡ ਅਧਾਰਿਤ ਹਨ ਅਤੇ ਕਿਸੇ ਨੇ ਵੀ ਇਸ ਖੇਤਰ ਤੋਂ ਬਾਹਰ ਯਾਤਰਾ ਨਹੀਂ ਕੀਤੀ। ਸਭ ਦਾ ਮੌਜੂਦਾ ਕਲੱਸਟਰ ਨਾਲ ਕੁਨੈਕਸ਼ਨ ਹੈ।
ਡਾ. ਬਲੂਮਫੀਲਡ ਨੇ ਕਿਹਾ ਕਿ 3 ਲੋਕ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 1 ਮਿਡਲਮੋਰ ਅਤੇ 2 ਆਕਲੈਂਡ ਵਿੱਚ ਹਨ। ਅੱਜ ਤੱਕ, ਕਲੱਸਟਰ ਨਾਲ ਜੁੜੇ 66 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਆਈਸੋਲੇਸ਼ਨ ਵਿੱਚੋਂ ਇੱਕ ਬੱਚੇ ਦਾ ਕੇਸ ਆਇਆ ਹੈ ਜੋ ਅਫ਼ਗ਼ਾਨਿਸਤਾਨ ਤੋਂ ਆਇਆ ਹੈ ਅਤੇ ਪੁਲਮੈਨ ਹੋਟਲ ‘ਚ ਮੈਨੇਜਡ ਆਈਸੋਲੇਸ਼ਨ ਵਿੱਚ ਹੈ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 1271 ਮਾਮਲੇ ਹਨ। ਕਮਿਊਨਿਟੀ ਦੇ 49 ਕੇਸਾਂ ਹਨ ਪਰ ਤਿੰਨ ਨਾਲ ਲਿੰਕਡ ਹਨ। ਸੰਪਰਕ ਟਰੇਸਿੰਗ ਸੈਂਟਰ ਦੁਆਰਾ ਪਛਾਣੇ ਗਏ ਕਲੱਸਟਰ ਦੇ 1536 ਦੇ ਨਜ਼ਦੀਕੀ ਸੰਪਰਕ ਹੋਏ ਹਨ। ਸਾਰੇ ਆਪਣੇ ਆਪ ਨੂੰ ਆਈਸੋਲੇਸ਼ਨ ਕਰ ਰਹੇ ਹਨ। ਅਧਿਕਾਰੀ ਦੋ ਧਾਰਮਿਕ ਸੰਗਠਨਾਂ ਨਾਲ ਮਿਲ ਕੇ ਕਨਟੈਕਟ ਟਰੇਸਿੰਗ ਲੱਭਣ ਲਈ ਮਦਦ ਲੈ ਰਹੇ ਹਨ।
ਸਿਹਤ ਮੰਤਰੀ ਕ੍ਰਿਸ ਹਿਪਕਿਨਜ਼ ਨੇ ਸੋਸ਼ਲ ਮੀਡੀਆ ਬਾਰੇ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਅਨ-ਪ੍ਰਮਾਣਿਤ ਜਾਣਕਾਰੀ ਨੂੰ ਸਾਂਝਾ ਕਰਨ ਨਾਲ ਮੌਜੂਦਾ ਕਲੱਸਟਰ ਦੇ ਕੇਂਦਰ ਵਿੱਚ ਪਰਿਵਾਰ ਦੇ ਲਈ “ਬਹੁਤ ਜ਼ਿਆਦਾ ਪ੍ਰੇਸ਼ਾਨੀ” ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਇਹ ਠੀਕ ਨਹੀਂ ਹੈ। ਉਨ੍ਹਾਂ ਨੇ ਨਿਊਜ਼ੀਲੈਂਡ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਪ੍ਰਾਪਤ ਜਾਣਕਾਰੀ ਨੂੰ ਅਧਿਕਾਰੀ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਬੇਲੋੜੀਆਂ ਗੱਲਾਂ ਨੂੰ ਸਾਂਝਾ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦਾ ਹੈ। ਕਿਰਪਾ ਕਰਕੇ ਅਧਿਕਾਰਤ ਸਰੋਤਾਂ ਤੋਂ ਆਪਣੀ ਜਾਣਕਾਰੀ ਲਵੋ।
ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਲੋਕੀ ਮਾਸਕ ਪਹਿਨਣ। ਸਰਕਾਰ ਜੇ ਮਾਸਕ ਪਾਉਣ ਲਈ ਕਹਿ ਰਹੀ ਹੈ ਤਾਂ ਇਸ ਦਾ ਕਾਰਣ ਹੈ। ਸ਼ਨੀਵਾਰ ਨੂੰ 23,682 ਟੈੱਸਟ ਕੀਤੇ ਗਏ, ਜਿਸ ਨਾਲ ਹੁਣ ਦੇਸ਼ ਵਿੱਚ ਕੁੱਲ ਕੀਤੇ ਟੈੱਸਟਾਂ ਦੀ ਗਿਣਤੀ 571,942 ਹੋ ਗਈ ਹੈ।
ਦੇਸ਼ ਵਿੱਚ ਹੁਣ ਨਵੇਂ ਐਕਟਿਵ ਕੇਸਾਂ ਦੀ ਗਿਣਤੀ 69 ਹੋ ਗਈ ਹੈ। ਜਿਨ੍ਹਾਂ ਵਿੱਚੋਂ 49 ਕੇਸਾਂ ਦਾ ਸੰਬੰਧ ਕਮਿਊਨਿਟੀ ਟਰਾਂਸਮਿਸ਼ਨ ਨਾਲ ਹੈ ਅਤੇ 20 ਕੇਸਾਂ ਦਾ ਸਿੱਧਾ ਸੰਬੰਧ ਵਿਦੇਸ਼ ਯਾਤਰਾ ਨਾਲ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1622 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,271 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1531 ਹੀ ਹੈ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 69 ਹੋ ਗਈ ਹੈ, ਜਿਨ੍ਹਾਂ ਵਿੱਚੋਂ 49 ਕੇਸਾਂ ਦਾ ਸੰਬੰਧ ਕਮਿਊਨਿਟੀ ਟਰਾਂਸਮਿਸ਼ਨ ਨਾਲ ਹੈ। ਨਿਊਜ਼ੀਲੈਂਡ ਵਿੱਚ 3 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ। ਮੌਤਾਂ ਦੀ ਗਿਣਤੀ 22 ਹੀ ਹੈ।