ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ ਵੀ ਕੋਈ ਨਵਾਂ ਕੇਸ ਨਹੀਂ

ਵੈਲਿੰਗਟਨ, 13 ਮਈ – ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਅੱਜ ਵੀ ਕੋਈ ਨਵਾਂ ਕੇਸ ਨਹੀਂ ਹੈ, ਅੱਜ ਮਿਡ-ਨਾਈਟ ਤੋਂ ਦੇਸ਼ ‘ਅਲਰਟ ਲੈਵਲ 2’ ਉੱਤੇ ਚਲਾ ਜਾਏਗਾ ਤੇ ਦੇਸ਼ ਦੇ ਕਾਰੋਬਾਰ ‘ਅਲਰਟ ਲੈਵਲ 2’ ਦੇ ਤਹਿਤ ਵੀਰਵਾਰ ਤੋਂ ਮੁੜ ਸਰਕਾਰੀ ਹਦਾਇਤਾਂ ਮੁਤਾਬਿਕ ਖੁੱਲ੍ਹ ਜਾਣਗੇ।
ਨਿਊਜ਼ੀਲੈਂਡ ਵਿੱਚ ਦੂਜੇ ਦਿਨ ਲਗਾਤਾਰ ਕੋਵਿਡ -19 ਦੇ ਕੁੱਲ 1497 ਮਾਮਲੇ ਹੀ ਹਨ ਅਤੇ 94% ਮਰੀਜ਼ ਹੁਣ ਠੀਕ ਹੋ ਗਏ ਹਨ। ਕੋਰੋਨਾ ਨਾਲ ਕੋਈ ਨਵੀਂ ਮੌਤ ਨਹੀਂ ਹੋਈ ਹੈ। ਦੇਸ਼ ‘ਚ ਕੁੱਲ 203,045 ਕੋਵਿਡ -19 ਦੇ ਟੈੱਸਟ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਅੱਜ ਰਾਤੀ 11.59 ਵਜੇ ਅਲਰਟ ਲੈਵਲ 2 ‘ਤੇ ਜਾ ਰਿਹਾ ਹੈ। 14 ਮਈ ਦਿਨ ਵੀਰਵਾਰ ਨੂੰ ਸਿਨੇਮਾ ਘਰ, ਰਿਟੇਲ, ਖੇਡ ਦੇ ਮੈਦਾਨ ਅਤੇ ਜਿੰਮ ਫਿਜ਼ੀਕਲ ਡਿਸਟੈਂਸਿੰਗ ਅਤੇ ਸਖ਼ਤ ਸਫ਼ਾਈ ਉਪਾਵਾਂ ਨਾਲ ਦੁਬਾਰਾ ਖੁੱਲ੍ਹ ਜਾਣਗੇ। ਦੇਸ਼ ਦੇ ਅੰਦਰ-ਅੰਦਰ ਯਾਤਰਾ ਵੀ ਦੁਬਾਰਾ ਸ਼ੁਰੂ ਹੋ ਜਾਏਗੀ। ਸਕੂਲ 18 ਮਈ ਦਿਨ ਸੋਮਵਾਰ ਤੋਂ ਦੁਬਾਰਾ ਖੁੱਲ੍ਹਣਗੇ। ਜਦੋਂ 21 ਮਈ ਦਿਨ ਵੀਰਵਾਰ ਨੂੰ ਬਾਰ ਤਿੰਨ ‘S’ ਦੇ ਸਥਾਨ ਨਾਲ ਦੁਬਾਰਾ ਖੁੱਲ੍ਹ ਸਕਦੇ ਹਨ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1497 ਹੈ। ਜਿਨ੍ਹਾਂ ਵਿਚੋਂ 1,146 ਕੰਨਫ਼ਰਮ ਕੀਤੇ ਕੇਸ ਹਨ ਅਤੇ 351 ਪ੍ਰੋਵੈਬਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 74 ਐਕਟਿਵ ਕੇਸ ਹਨ ਅਤੇ ਕੋਵਿਡ -19 ਤੋਂ 1,402 ਵਿਅਕਤੀ ਰਿਕਵਰ ਹੋਏ ਹਨ। ਹਸਪਤਾਲ ਵਿੱਚ 2 ਲੋਕ ਹਨ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ, ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੀਆਂ 217 ਟੈਰੇਟਰੀ ਵਿੱਚ ਕੋਰੋਨਾਵਾਇਰਸ ਤੋਂ ਪੀੜਤ 4,346,732 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 294,546 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1,834,625 ਹੈ।