ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 6 ਹੋਰ ਨਵੇਂ ਕੇਸ, ਸਾਰੇ ਮਾਊਂਟ ਰੋਸਕਿਲ ‘ਮਿੰਨੀ-ਕਲੱਸਟਰ’ ਨਾਲ ਸੰਬੰਧਿਤ

ਵੈਲਿੰਗਟਨ, 9 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਅੱਜ 6 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਦੇ ਡਾਇਰੈਕਟਰ-ਜਨਰਲ ਡਾ. ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਇਹ ਸਾਰੇ ਕੇਸ ਮਾਊਂਟ ਰੋਸਕਿਲ ‘ਮਿੰਨੀ-ਕਲੱਸਟਰ’ ਨਾਲ ਸੰਬੰਧਿਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 6 ਕੇਸਾਂ ਵਿੱਚ 1 ਛੋਟਾ ਮੁੰਡਾ ਅਤੇ 3 ਹੋਰ ਬੱਚੇ ਸ਼ਾਮਲ ਹਨ। ਮਾਊਂਟ ਰੋਸਕਿਲ ਈਵੈਂਜੈਲੀਕਲ ਫੈਲੋਸ਼ਿਪ ਚਰਚ ‘ਮਿੰਨੀ-ਕਲੱਸਟਰ’ ਨਾਲ ਜੁੜੇ ਕੁੱਲ ਕੇਸਾਂ ਦੀ ਗਿਣਤੀ ਹੁਣ 43 ਹੋ ਗਈ ਹੈ, ਉਸ ਦੇ ਅੰਦਰ 14 ਜਣਿਆਂ ਦਾ ਇੱਕ ਛੋਟਾ ਕਲੱਸਟਰ ਹੈ, ਜੋ ਅੰਤਿਮ ਸੰਸਕਾਰ ਨਾਲ ਜੁੜਿਆ ਹੋਇਆ ਹੈ।
ਡਾ. ਬਲੂਮਫੀਲਡ ਨੇ ਕਿਹਾ ਕਿ ਇਹ ਸੋਗ ਦੀਆਂ ਗਤੀਵਿਧੀਆਂ ਦੀ ਇੱਕ ਲੜੀ ਸੀ, ਜਿਸ ਵਿੱਚ ਘਰਾਂ ਵਿੱਚ ਮੁਲਾਕਾਤ ਅਤੇ 7 ਸਤੰਬਰ ਦਾ ਅੰਤਿਮ ਸੰਸਕਾਰ ਸ਼ਾਮਲ ਹੈ। ਅੰਤਿਮ ਸੰਸਕਾਰ ਦੇ ਸਾਰੇ ਨਜ਼ਦੀਕੀ ਸੰਪਰਕ, ਜਿਨ੍ਹਾਂ ਵਿੱਚ 48 ਲੋਕ ਸ਼ਾਮਲ ਸਨ, ਸਾਰੇ ਆਈਸੋਲੇਸ਼ਨ ‘ਚ ਹਨ ਅਤੇ ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੱਲ੍ਹ ਰਿਪੋਰਟ ਕੀਤਾ ਗਿਆ, ਇਕ ਹੋਰ ਕੇਸ ਨਵੇਂ ਸਬ-ਕਲੱਸਟਰ ਦਾ ਹੀ ਇਕ ਹਿੱਸਾ ਹੈ, ਜੋ ਨੌਰਦਰਨ ਐਕਸਪ੍ਰੈੱਸ ਬੱਸ ਸੇਵਾ ਦਾ ਡਰਾਈਵਰ ਸੀ। ਇਹ ਬੱਸ ਸੈਂਟਰ ਸਿਟੀ ਅਤੇ ਐਲਬਨੀ ਤੱਕ ਜਾਂਦੀ ਹੈ। ਆਕਲੈਂਡ ਦੇ ਰਿਜਨਲ ਪਬਲਿਕ ਹੈਲਥ ਨੇ ਕਿਹਾ ਕਿ ਸੰਬੰਧਿਤ ਬੱਸ ਯਾਤਰਾ ਵਿੱਚ ਕੋਈ ਨੇੜਲੇ ਸੰਪਰਕ ਨਹੀਂ ਸਨ ਅਤੇ ਡਰਾਈਵਰ ਉਸ ਸਮੇਂ ਲੱਛਣ ਵਾਲਾ ਨਹੀਂ ਸੀ, ਬਲਕਿ ਉਸ ਨੇ ਇੱਕ ਮਾਸਕ ਵੀ ਪਾਇਆ ਹੋਇਆ ਸੀ। ਸਾਵਧਾਨੀ ਵਜੋਂ ਯਾਤਰੀਆਂ ਦੀ ਪਛਾਣ ਕਰਨ ਲਈ ਐੱਚਓਪੀ (HOP) ਕਾਰਡ ਡਾਟੇ ਦੀ ਵੀ ਵਰਤੋ ਕੀਤੀ ਜਾਏਗੀ। ਪਬਲਿਕ ਹੈਲਥ ਯੂਨਿਟ ਬਾਅਦ ਵਿੱਚ ਬੱਸ ਯਾਤਰਾਵਾਂ ਦੇ ਵੇਰਵੇ ਜ਼ਾਹਿਰ ਕਰੇਗੀ।
ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 125 ਹੋ ਗਈ ਹੈ। ਜਿਨ੍ਹਾਂ ਵਿੱਚ 82 ਕੇਸ ਕਮਿਊਨਿਟੀ ਦੇ ਹਨ, ਜਦੋਂ ਕਿ 43 ਕੇਸ ਵਿਦੇਸ਼ਾਂ ਤੋਂ ਵਾਪਸ ਪਰਤਿਆਂ ਦੇ ਹਨ। ਦੇਸ਼ ਵਿੱਚ ਅੱਜ ਕੋਵਿਡ -19 ਤੋਂ 4 ਵਿਅਕਤੀ ਰਿਕਵਰ ਹੋਏ ਹਨ। ਕੱਲ੍ਹ ਲੈਬ ਵੱਲੋਂ ਲਗਭਗ 8,363 ਤੋਂ ਵੱਧ ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 831,508 ਟੈੱਸਟ ਪੂਰੇ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1788 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,437 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1639 ਹੈ, ਦੇਸ਼ ਵਿੱਚ ਕੋਵਿਡ -19 ਤੋਂ 4 ਹੋਰ ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 125 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 4 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 2 ਗੰਭੀਰ ਦੇਖਭਾਲ (ICU) ਵਿੱਚ ਹਨ। ਦੇਸ਼ ‘ਚ ਮੌਤਾਂ ਦੀ ਗਿਣਤੀ 24 ਹੋ ਗਈ ਹੈ।