ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 2 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ

ਵੈਲਿੰਗਟਨ, 14 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ 2 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਵਿਚੋਂ ਆਏ ਹਨ। ਜਦੋਂ ਕਿ ਦੇਸ਼ ਵਿੱਚ ਕਮਿਊਨਿਟੀ ਨਾਲ ਸੰਬੰਧਿਤ ਕੋਈ ਨਵਾਂ ਕੇਸ ਨਹੀਂ ਆਇਆ ਹੈ। ਪਹਿਲਾ ਕੇਸ 7 ਅਕਤੂਬਰ ਨੂੰ ਬੰਗਲਾਦੇਸ਼ ਤੋਂ ਆਏ ਵਿਅਕਤੀ ਦਾ ਹੈ ਜੋ ਦੋਹਾ ਤੇ ਬ੍ਰਿਸਬੇਨ ਦੇ ਰਸਤੇ ਨਿਊਜ਼ੀਲੈਂਡ ਪੁੱਜਾ ਸੀ ਅਤੇ ਤੀਸਰੇ ਦਿਨ ਦੇ ਰੁਟੀਨ ਟੈੱਸਟ ਵਿੱਚ ਪਾਜ਼ੇਟਿਵ ਆਇਆ ਹੈ। ਜਦੋਂ ਕਿ ਦੂਜਾ ਕੇਸ ਇੰਗਲੈਂਡ ਤੋਂ ਦੁਬਈ ਦੇ ਰਸਤੇ 9 ਅਕਤੂਬਰ ਨੂੰ ਨਿਊਜ਼ੀਲੈਂਡ ਪੁੱਜਾ ਅਤੇ ਤੀਸਰੇ ਦਿਨ ਦੇ ਰੁਟੀਨ ਟੈੱਸਟ ਵਿੱਚ ਪਾਜ਼ੇਟਿਵ ਆਇਆ ਹੈ। ਦੋਵਾਂ ਨੂੰ ਆਕਲੈਂਡ ਦੀ ਕੁਆਰੰਟੀਨ ਸਹੂਲਤ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।
ਕੋਵਿਡ -19 ਦੇ 2 ਨਵੇਂ ਕੇਸਾਂ ਨਾਲ ਐਕਟਿਵ ਕੇਸਾਂ ਦੀ ਗਿਣਤੀ 40 ਹੋ ਗਈ ਹੈ, ਇਹ ਸਾਰੇ ਕੇਸ ਵਿਦੇਸ਼ ਤੋਂ ਨਿਊਜ਼ੀਲੈਂਡ ਵਾਪਸ ਪਰਤਿਆਂ ਨਾਲ ਸੰਬੰਧਿਤ ਹਨ। ਕੱਲ੍ਹ 5,850 ਟੈੱਸਟ ਕੀਤੇ ਗਏ, ਦੇਸ਼ ਭਰ ਵਿੱਚ ਹੁਣ ਤੱਕ ਕੀਤੇ ਕੁੱਲ ਟੈੱਸਟਾਂ ਦੀ ਗਿਣਤੀ 1,011,657 ਹੋ ਗਈ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1874 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,518 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1808 ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।