ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 9 ਨਵੇਂ ਕੇਸ, ਅੱਜ ਤੋਂ ਆਕਲੈਂਡ ‘ਚ ਅਲਰਟ ਲੈਵਲ 2.5 ਲਾਗੂ

ਵੈਲਿੰਗਟਨ, 31 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ 9 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 4 ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਹਨ ਅਤੇ ਬਾਕੀ 5 ਦਾ ਸੰਬੰਧ ਆਕਲੈਂਡ ਕਮਿਊਨਿਟੀ ਕਲੱਸਟਰ ਨਾਲ ਹੈ। ਆਕਲੈਂਡ ਕਮਿਊਨਿਟੀ ਕਲੱਸਟਰ ਦੇ 5 ਕੇਸਾਂ ਵਿੱਚੋਂ 3 ਕੇਸ ਮਾਊਂਟ ਰੋਸਕਿਲ ਚਰਚ ਨਾਲ ਜੁੜੇ ਹਨ ਜਦੋਂ ਕਿ 2 ਕੇਸ ਪਹਿਲਾਂ ਆਏ ਪਾਜ਼ੇਟਿਵ ਘਰ ਦੇ ਸੰਪਰਕ ਨਾਲ ਸੰਬੰਧਿਤ ਹਨ।
ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਅੱਜ ਤੋਂ ਆਕਲੈਂਡ ਵਿੱਚ ਅਲਰਟ ਲੈਵਲ 2.5 ਲਾਗੂ ਹੋ ਗਿਆ ਹੈ ਤੇ ਜਨਤਕ ਟ੍ਰਾਂਸਪੋਰਟ ਵਿੱਚ ਮਾਸਕ ਪਾਉਣਾ ਲਾਜ਼ਮੀ ਹੈ, ਨਹੀਂ ਤਾਂ ਜੁਰਮਾਨਾ ਹੋਵੇਗਾ। ਲੌਕਡਾਉਨ 2.5 ਦੌਰਾਨ ਵੱਡੇ ਇਕੱਠਾਂ ਉੱਤੇ ਵੀ ਰੋਕ ਹੈ, ਸਿਰਫ਼ 10 ਜਣਿਆਂ ਦੇ ਇਕੱਠੇ ਹੋਣ ਦੀ ਇਜਾਜ਼ਤ ਹੈ ਪਰ ਟਾਂਗੀ ਅਤੇ ਸਸਕਾਰ ਸਮੇਂ 50 ਤੱਕ ਦਾ ਇਕੱਠ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ੯੦% ਦੇ ਲਗਭਗ ਮੁਸਾਫ਼ਰਾਂ ਨੇ ਆਕਲੈਂਡ ਟ੍ਰਾਸਪੋਰਟ ਬੱਸਾਂ ਤੇ ਟਰੇਨਾਂ ਵਿੱਚ ਮਾਸਕ ਪਾਏ ਹੋਏ ਹਨ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 131 ਹੋ ਗਈ ਹੈ। ਜਿਨ੍ਹਾਂ ਵਿੱਚ 107 ਕੇਸ ਕਮਿਊਨਿਟੀ ਦੇ ਹਨ, ਜਦੋਂ ਕਿ 24 ਵਿਦੇਸ਼ਾਂ ਤੋਂ ਵਾਪਸ ਪਰਤਿਆਂ ਦੇ ਹਨ। ਦੇਸ਼ ਵਿੱਚ ਕੋਵਿਡ -19 ਤੋਂ 15 ਵਿਅਕਤੀ ਰਿਕਵਰ ਹੋਏ ਹਨ। ਕੱਲ੍ਹ ਲਗਭਗ 7,219 ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 758,027 ਟੈੱਸਟ ਪੂਰੇ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1738 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,378 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1585 ਹੈ, ਦੇਸ਼ ਵਿੱਚ ਕੋਵਿਡ -19 ਤੋਂ 15 ਹੋਰ ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 131 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 11 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 2 ਗੰਭੀਰ ਦੇਖਭਾਲ (ICU) ਵਿੱਚ ਹਨ। ਦੇਸ਼ ‘ਚ ਮੌਤਾਂ ਦੀ ਗਿਣਤੀ 22 ਹੀ ਹੈ।