ਕੋਰੋਨਾਵਾਇਰਸ: ਪ੍ਰਧਾਨ ਮੰਤਰੀ ਜੈਕਿੰਡਾ ਆਰਡਰਨ ਨੇ ਤੀਜੇ ‘ਕੋਵਿਡ-19’ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਸ਼ਾਂਤ ਹੋਣ ਦੀ ਅਪੀਲ ਕੀਤੀ

ਆਕਲੈਂਡ, 5 ਮਾਰਚ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅਧਿਕਾਰੀਆਂ ਵੱਲੋਂ ਅੱਜ ਸਵੇਰੇ ਤੀਜੇ ਕੋਰੋਨਾਵਾਇਰਸ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਲੋਕਾਂ ਲਈ ਬਾਹਰ ਖਾਣੇ ‘ਤੇ ਜਾਣਾ ਸੁਰੱਖਿਅਤ ਹੈ। ਉਨ੍ਹਾਂ ਕਿਹਾ ਸਭ ਤੋਂ ਮਹੱਤਵਪੂਰਣ ਗੱਲ ਜੋ ਲੋਕ ਕਰ ਸਕਦੇ ਹਨ, ਉਹ ਹੈ ਜੇ ਉਹ ਬਿਮਾਰ ਹਨ ਤਾਂ ਘਰ ਹੀ ਰਹਿਣ।
ਤੀਜੇ ਕੇਸ ਬਾਰੇ ਪੁੱਛੇ ਜਾਣ ਉੱਤੇ ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਹੋਰ ਵੇਰਵਿਆਂ ਦੀ ਪੁਸ਼ਟੀ ਦੁਪਹਿਰ ੧ ਵਜੇ ਕੀਤੀ ਜਾਏਗੀ। ਜਿਵੇਂ ਕਿ ਟੈੱਸਟ ਦੇ ਨਤੀਜੇ ਆਉਣਗੇ, ਅਸੀਂ ਦੁਪਹਿਰ 1.00 ਵਜੇ ਜਾਣਕਾਰੀ ਸਾਂਝੀ ਕਰਾਂਗੇ।
ਉਨ੍ਹਾਂ ਨੇ ਕਿਹਾ ਕਿ ‘ਕੋਵਿਡ-19’ ਲਈ ਟੈੱਸਟ ਕਰਨ ਲਈ ਨਿਊਜ਼ੀਲੈਂਡ ਵਿੱਚ “ਮਹੱਤਵਪੂਰਨ ਸਮਰੱਥਾ” ਹੈ – ਇਕ ਦਿਨ ਵਿੱਚ 550 ਵਿਅਕਤੀਆਂ ਦੀ ਪਰਖ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਹਸਪਤਾਲ ਇਸ ਪ੍ਰਕੋਪ ਦਾ ਸਾਹਮਣਾ ਕਰ ਸਕਦੇ ਹਨ।
ਦੇਸ਼ ਵਿੱਚ ਕੋਰੋਨਾਵਾਇਰਸ ਦੇ ਤੀਜੇ ਕੇਸ ਦੀ ਪੁਸ਼ਟੀ ਤੋਂ ਬਾਅਦ ਸਿਹਤ ਮੰਤਰੀ ਡਾ. ਡੇਵਿਡ ਕਲਾਰਕ ਨੇ ਅੱਜ ਸਵੇਰੇ ਏਐਮ ਸ਼ੋਅ ਨੂੰ ਦੱਸਿਆ ਕਿ ਉਸ ਨੂੰ ‘ਕੋਵਿਡ -19’ ਦੇ ਤੀਜੇ ਪੋਜ਼ਟਿਵ ਟੈੱਸਟ ਦੀ ਰਿਪੋਰਟ ਮਿਲੀ ਹੈ।
ਖ਼ਬਰ ਮੁਤਾਬਿਕ ਉਹ ਇਹ ਨਹੀਂ ਜਾਣਦੇ ਸੀ ਕਿ ਇਹ ਵਿਅਕਤੀ ਨਿਊਜ਼ੀਲੈਂਡ ਵਿੱਚ ਕਿੱਥੇ ਹੈ ਪਰ ਉਨ੍ਹਾਂ ਕਿਹਾ ਕਿ ਇਹ ਕੇਸ ਨਿਊਜ਼ੀਲੈਂਡ ਵਿੱਚ ‘ਕੋਵਿਡ-19’ ਦੇ ਦੂਜੇ ਕੇਸ ਨਾਲ ਸਬੰਧਿਤ ਨਹੀਂ ਸੀ, ਜਿਸ ਦੀ ਕੱਲ੍ਹ ਪੁਸ਼ਟੀ ਹੋਈ ਸੀ।
ਇਹ ਕੇਸ ਉੱਤਰ ਇਟਲੀ ਤੋਂ 26 ਫਰਵਰੀ ਨੂੰ ਨਿਊਜ਼ੀਲੈਂਡ ਵਾਪਸ ਆਉਣ ਤੋਂ ਬਾਅਦ 30 ਸਾਲਾਂ ਦੀ ਇਕ ਮਹਿਲਾ ਦੇ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ, ਜਿੱਥੇ ਇਸ ਦਾ ਪ੍ਰਕੋਪ ਹੈ। ਉਸ ਮਹਿਲਾ ਨੇ 2 ਮਾਰਚ ਨੂੰ ਪਾਮਰਸਟਰਨ ਨਾਰਥ ਅਤੇ ਆਕਲੈਂਡ ਦੇ ਦੋ ਘਰੇਲੂ ਉਡਾਣਾਂ ਭਰੀਆਂ ਸਨ।