ਕੋਰੋਨਾ ਦੀ ਆੜ ‘ਚ ਜ਼ਿੰਦਗੀਆਂ ਨਾਲ ਖੇਡ ਰਹੇ ਨੇ ਅੰਨ੍ਹੇ ਮੁਨਾਫ਼ਾਖ਼ੋਰ : ਡਾ. ਦੀਪਤੀ

ਕਾਰਲ ਮਾਰਕਸ ਦੇ ਜਨਮ ਦਿਹਾੜੇ ‘ਤੇ ਵਿਚਾਰ-ਚਰਚਾ
ਜਲੰਧਰ, 5 ਮਈ –
ਕਾਰਲ ਮਾਰਕਸ ਦੇ 203ਵੇਂ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕੋਰੋਨਾ ਅਤੇ ਕਿਸਾਨ ਸੰਘਰਸ਼ ਨੂੰ ਸਮਰਪਿਤ ਵਿਚਾਰ-ਚਰਚਾ ਨੇ ਅਨੇਕਾਂ ਪੱਖਾਂ ਦੀ ਸਮੀਖਿਆ ਕਰਦਿਆਂ ਤੱਤ ਕੱਢਿਆ ਕਿ ਕਾਰਲ ਮਾਰਕਸ ਦਾ ਫ਼ਲਸਫ਼ਾ ਸਿਰ ਕੱਢਵੇਂ ਰੂਪ ‘ਚ ਸੱਚ ਸਾਬਤ ਹੋ ਰਿਹਾ ਕਿ ਮੁਨਾਫ਼ੇ ‘ਤੇ ਟਿਕੇ ਰਾਜ ਅਤੇ ਸਮਾਜ ਦੇ ਹੁਕਮਰਾਨਾਂ ਦੀ ਨਜ਼ਰ ‘ਚ ਮਨੁੱਖ ਦੀ ਕੀਮਤ ਕਾਣੀ ਕੌਡੀ ਵੀ ਨਹੀਂ ਹੁੰਦੀ ਉਹ ਮਹਾਂਮਾਰੀ ਦੇ ਦੌਰ ‘ਚ ਵੀ ਮੁਨਾਫ਼ਿਆਂ ਦੇ ਅੰਬਾਰ ਲਾਉਂਦੇ ਹਨ। ਮਰਜ਼ ਦਾ ਓਟ-ਆਸਰਾ ਲੈ ਕੇ ਲੋਕਾਂ ਨੂੰ ਲੁੱਟਣ, ਕੁੱਟਣ ਅਤੇ ਜਮਹੂਰੀ ਹੱਕਾਂ ਦਾ ਘਾਣ ਕਰਨ ਲਈ ਕਾਲੇ ਕਾਨੂੰਨ ਅਤੇ ਨੀਤੀਆਂ ਘੜਨ ਲਈ ਸ਼ੁੱਭ ਮੌਕਾ ਸਮਝਦੇ ਹਨ।
ਕਿਰਤੀ ਲਹਿਰ ਦੇ ਆਗੂ ਅਤੇ ‘ਕਿਰਤੀ’ ਅਖ਼ਬਾਰ ਦੇ ਸੰਪਾਦਕ ਭਾਈ ਸੰਤੋਖ ਸਿੰਘ ਭਾਸ਼ਣ ਲੜੀ ਦੇ ਤੌਰ ‘ਤੇ ਹਰ ਸਾਲ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਮਨਾਏ ਜਾਂਦੇ ਕਾਰਲ ਮਾਰਕਸ ਦੇ ਜਨਮ ਦਿਵਸ ਸਮਾਗਮ ਦੀ ਮਹੱਤਤਾ ਅਤੇ ਪ੍ਰਸੰਗਕਤਾ ਉੱਪਰ ਚਾਨਣ ਪਾਉਂਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਚਰੰਜੀ ਲਾਲ ਕੰਗਣੀਵਾਲ ਨੇ ਕਿਹਾ ਕਿ ਆਰਥਕ, ਸਮਾਜਕ ਪਾੜਾ ਮੇਟਣ ਲਈ ਸਾਨੂੰ ਇਨ੍ਹਾਂ ਮਹਾਨ ਸਖਸ਼ੀਅਤਾਂ ਦੇ ਸੰਗਰਾਮੀ ਜੀਵਨ ਸਫ਼ਰ ਤੋਂ ਸਬਕ ਲੈਣ ਦੀ ਲੋੜ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ ਨੇ ਕਿਹਾ ਕਿ ਕਾਰਲ ਮਾਰਕਸ ਦੀ ਬਹੁ-ਪੱਖੀ ਅਮਿੱਟ ਦੇਣ ਅਜੋਕੇ ਅਤੇ ਭਵਿੱਖ ਦੇ ਸਰੋਕਾਰਾਂ ਵਿੱਚ ਵੀ ਮਨੁੱਖਤਾ ਦੇ ਕਲਿਆਣ ਲਈ ਮਾਰਗ-ਦਰਸ਼ਕ ਹੈ।
ਵਿਚਾਰ-ਚਰਚਾ ਦੇ ਮੁੱਖ ਵਕਤਾ ਡਾ. ਸ਼ਿਆਮ ਸੁੰਦਰ ਦੀਪਤੀ ਨੇ ਕੋਰੋਨਾ, ਚੁਣੌਤੀਆਂ, ਕਿਸਾਨ ਅੰਦੋਲਨ, ਰਾਜ ਭਾਗ ਦਾ ਨਿਘਾਰ ਅਤੇ ਕੀ ਕਰਨਾ ਲੋੜੀਏ? ਵਿਸ਼ਿਆਂ ਨੂੰ ਆਪਣੀ ਤਕਰੀਰ ਵਿੱਚ ਸਮੇਟਦਿਆਂ ਕਿਹਾ ਕਿ ਕੋਰੋਨਾ ਨੂੰ ਹਰਾਉਣ ਲਈ ਗੰਭੀਰ ਉੱਦਮ ਨਹੀਂ ਕੀਤਾ ਗਿਆ ਸਗੋਂ ਕੋਰੋਨਾ ਦਾ ਲੱਕ ਤੋੜ ਦੇਣ, ਫਤਿਹ ਪਾ ਲੈਣ ਦੇ ਫੋਕੇ ਦਮਗਜੇ ਮਾਰ ਕੇ ਰਾਜਨੀਤਕ ਰੋਟੀਆਂ ਸੇਕਣ ਦਾ ਕੰਮ ਕੀਤਾ ਗਿਆ।
ਡਾ. ਸ਼ਿਆਮ ਸੁੰਦਰ ਦੀਪਤੀ ਨੇ ਤਿੱਖੀ ਚੋਟ ਕਰਦਿਆਂ ਕਿਹਾ ਕਿ ਜਦੋਂ ਮੁਲਕ ਕਬਰਸਤਾਨ ਬਣਦਾ ਜਾ ਰਿਹਾ ਹੈ, ਜਦੋਂ ਆਕਸੀਜਨ ਸੈਲੰਡਰ ਲਈ ਲੋਕ ਤਰਾਹ ਤਰਾਹ ਕਰਦਿਆਂ ਦਮ ਤੋੜ ਰਹੇ ਹਨ ਅਜੇਹੇ ਮੌਕੇ 30 ਹਜ਼ਾਰ ਕਰੋੜ ਰੁਪਿਆ ਲਗਾ ਕੇ ਦਿੱਲੀ ਦੇ ਮੱਧ ਵਿੱਚ ਸੰਸਦ ਭਵਨ, ਪ੍ਰਧਾਨ ਮੰਤਰੀ ਨਿਵਾਸ ਦਾ ਜ਼ੋਰ ਸ਼ੋਰ ਨਾਲ ਨਿਰਮਾਣ ਕਰਨਾ ਕਿਵੇਂ ਜਾਇਜ਼ ਹੈ।
ਉਨ੍ਹਾਂ ਕਿਹਾ ਕਿ ਇੱਕ ਬੰਨੇ ਕਿਸਾਨ ਅੰਦੋਲਨ ਨੂੰ ਕੋਰੋਨਾ ਦੇ ਬਹਾਨੇ ਖ਼ਤਮ ਕਰਨ ਦੇ ਪਾਪੜ ਵੇਲੇ ਜਾ ਰਹੇ ਹਨ। ਸਕੂਲ, ਕਾਲਜ, ਬਾਜ਼ਾਰ ਬੰਦ ਕੀਤੇ ਜਾ ਰਹੇ ਹਨ ਪਰ ਦੂਜੇ ਬੰਨੇ ਲਾਕਡਾਊਨ ਦੇ ਦੌਰ ਅੰਦਰ ਵੀ ਮੁਲਕ ਦਾ ਕਰੋੜਾਂ ਅਰਬਾਂ ਰੁਪਿਆ ਲੋਕਾਂ ਦੀ ਸਿਹਤ ਅਤੇ ਜ਼ਿੰਦਗੀਆਂ ਦੇ ਬਚਾਅ ਲਈ ਖ਼ਰਚਣ ਦੀ ਬਜਾਏ ਆਪਣੇ ਆਲੀਸ਼ਾਨ ਭਵਨਾਂ ਦੀ ਬੇਲੋੜਾ ਉਸਾਰੀ ਉੱਪਰ ਖ਼ਰਚਿਆ ਜਾ ਰਿਹਾ ਹੈ।
ਡਾ. ਦੀਪਤੀ ਨੇ ਕਿਹਾ ਕਿ ਕੋਰੋਨਾ ਨੂੰ ਨਿਆਮਤ ਸਮਝ ਕੇ ਨਿੱਜੀ ਹਸਪਤਾਲ ਗਰੁੱਪ, ਮੋਟੀਆਂ ਕਮਾਈਆਂ ਕਰ ਰਹੇ ਹਨ। ਇੱਥੋਂ ਤੱਕ ਕਿ ਵੈਕਸੀਨ ਬਾਰੇ ਵੀ ਗੱਪ ਘੜੀ ਗਈ ਕਿ ਦੁਨੀਆ ਦਾ ਨੰਬਰ ਇੱਕ ਮੁਲਕ ਬਣ ਗਿਆ ਹੈ ਪਰ ਹੁਣ ਚੜ੍ਹਦੇ ਸੂਰਜ ਇਹ ਸਾਰੇ ਝੂਠ ਦੇ ਅਡੰਬਰਾਂ ਦਾ ਨੰਗ ਜ਼ਾਹਿਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 35 ਹਜ਼ਾਰ ਕਰੋੜ ਰੁਪਿਆ ਸਿਰਫ਼ ਵੈਕਸੀਨ ਵਾਸਤੇ ਰੱਖਣ ਦੇ ਦਮਗਜੇ ਮਾਰਨਾ ਮੁੜ ਕੇ ਪੱਲਾ ਝਾੜ ਦੇਣਾ, ਸਿਰੇ ਦੀ ਅਮਾਨਵੀ ਰਣਨੀਤੀ ਹੈ।
ਡਾ. ਸ਼ਿਆਮ ਸੁੰਦਰ ਦੀਪਤੀ ਨੇ ਤਿੱਖੇ ਸੁਆਲ ਖੜ੍ਹੇ ਕੀਤੇ ਕਿ ਕਾਰਪੋਰੇਟ ਜਗਤ ਦੀਆਂ ਕਮਾਈਆਂ ਲਈ ਸਾਰੇ ਰਾਹ ਮੋਕਲੇ ਕਰਕੇ, ਲੋਕਾਂ ਨੂੰ ਮਰਜ਼ ਤੋਂ ਦਹਿਸ਼ਤਜ਼ਦਾ ਕਰਕੇ, ਕਾਰਪੋਰੇਟਾਂ ਦੇ ਗਾਹਕ ਬਣਾਉਣ ਦੀ ਵਿਧੀ ਤੇਜ਼ ਕੀਤੀ ਜਾ ਰਹੀ ਹੈ। ਡਾ. ਦੀਪਤੀ ਨੇ ਕਿਹਾ ਕਿ ਵੈਕਸੀਨ, ਆਕਸੀਜਨ ਸਿਲੰਡਰ ਅਤੇ ਲੋੜੀਂਦਾ ਦਵਾਈਆਂ ਦੀ ਕਾਲਾ ਬਾਜ਼ਾਰੀ, ਸ਼ਰਮਿੰਦਗੀ ਭਰਿਆ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਭੁੱਖ ਮਰੀ, ਬਿਮਾਰੀ ਵਰਗੀਆਂ ਅਨੇਕਾਂ ਅਲਾਮਤਾਂ ਦੀ ਜੜ੍ਹ ਸਾਡਾ ਪ੍ਰਬੰਧ ਹੈ, ਜਿੱਥੇ ਮਨੁੱਖ ਭੈਅ-ਭੀਤ ਕਰਕੇ ਵਿਸ਼ਵ ਬੈਂਕ, ਆਈ.ਐਮ.ਐਫ. ਦੇਸੀ-ਬਦੇਸ਼ੀ ਕਾਰਪੋਰੇਟ ਘਰਾਣੇ, ਜ਼ਮੀਨਾਂ ਖੋਹਣ, ਕਿਸਾਨਾਂ ਮਜ਼ਦੂਰਾਂ ਸਮੂਹ ਮਿਹਨਤਕਸ਼ਾਂ ਨੂੰ ਤਬਾਹ ਕਰਨ ਦੀਆਂ ਨੀਤੀਆਂ ਦੇ ਘੋੜੇ ਨੂੰ ਅੱਡੀ ਲਗਾ ਰਹੇ ਹਨ।
ਡਾ. ਸ਼ਿਆਮ ਸੁੰਦਰ ਦੀਪਤੀ, ਉਨ੍ਹਾਂ ਦੀ ਜੀਵਨ-ਸਾਥਣ ਊਸ਼ਾ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਿਤਾਬਾਂ ਦੇ ਸੈੱਟ ਨਾਲ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਖ਼ਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਕ੍ਰਿਸ਼ਨਾ, ਹਰਮੇਸ਼ ਮਾਲੜੀ ਅਤੇ ਦੇਵਰਾਜ ਨਯੀਅਰ ਵੀ ਮੰਚ ‘ਤੇ ਹਾਜ਼ਰ ਸਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ ਨੇ ਫੀਲਡ ਕਾਸਟਰੋ ਦੇ ਹਵਾਲੇ ਨਾਲ ਕਿਹਾ ਕਿ ਕੋਰੋਨਾ ਵਰਗੀਆਂ ਬਿਮਾਰੀਆਂ ਦੀ ਅਸਲ ਮਾਂ ਤਾਂ ਪੂੰਜੀਵਾਦੀ ਪ੍ਰਬੰਧ ਹੈ, ਜਿਹੜਾ ਲੋਕਾਂ ਦੀਆਂ ਮੌਤਾਂ ਅਤੇ ਬਿਮਾਰੀਆਂ ਤੇ ਜਸ਼ਨ ਮਨਾ ਰਿਹਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਮਾਰਕਸ ਨੇ ਕਿਹਾ ਸੀ ਕਿ, ‘ਅਸਲ ਮਸਲਾ ਤਾਂ ਸਮਾਜ ਨੂੰ ਬਦਲਣ ਦਾ ਹੈ’। ਉਨ੍ਹਾਂ ਕਿਹਾ ਕਿ ਮਾਰਕਸਵਾਦ ਅਜੇਹਾ ਵਿਗਿਆਨ ਹੈ, ਜਿਸ ਨੂੰ ਸਾਡੀਆਂ ਠੋਸ ਹਾਲਤਾਂ ਨੂੰ ਸਮਝ ਕੇ ਲਾਗੂ ਕਰਨ ਲਈ ਅਧਿਐਨ ਕਰਨਾ ਚਾਹੀਦਾ ਹੈ।
ਕਮੇਟੀ ਦੇ ਮੈਂਬਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਵਿਚਾਰ-ਚਰਚਾ ‘ਚ ਮੰਚ ਸੰਚਾਲਨ ਦੀ ਭੂਮਿਕਾ ਅਦਾ ਕੀਤੀ। ਉਨ੍ਹਾਂ ਨੇ ਕਾਰਲ ਮਾਰਕਸ ਦੇ ਵਿਸ਼ਵ ਪ੍ਰਸਿੱਧ ਕਵਿਤਾ ‘ਜ਼ਿੰਦਗੀ ਦਾ ਮਕਸਦ’ ਪੇਸ਼ ਕਰਦਿਆਂ ਉਸ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।
ਜਾਰੀ ਕਰਤਾ: ਅਮੋਲਕ ਸਿੰਘ, ਕਨਵੀਨਰ, ਸਭਿਆਚਾਰਕ ਵਿੰਗ
ਮੋਬਾਈਲ: +91 98778-68710