ਕੋਲਕਾਤਾ ਵਿਖੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਵਿਸ਼ਾਲ ਰੈਲੀ

ਕੋਲਕਾਤਾ, 6 ਮਾਰਚ – ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਘੋਲ ਦੇਸ਼ ਵਿਆਪੀ ਬਣਾਉਣ ਲਈ ਤੇ ਮੋਦੀ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਾਜ ਉਘਾੜਨ ਲਈ ਪੱਛਮੀ ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀਆਂ ਵੱਲੋਂ 4 ਮਾਰਚ ਨੂੰ ਕੋਲਕਾਤਾ ‘ਚ ਵਿਸ਼ਾਲ ਰੈਲੀ ਕੀਤੀ ਗਈ, ਜਿਸ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕੀਤਾ।
‘ਫੋਰਮ ਟੂ ਸੇਵ ਇੰਡੀਅਨ ਕਾਨਸਟੀਟਿਓੂਸ਼ਨ ਐਂਡ ਵੈਸਟ ਬੰਗਾਲ ਫਰਾਮ ਫਾਸਿਸਟ ਫੋਰਸਸ’ ਦੇ ਬੈਨਰ ਥੱਲੇ ਹੋਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨੇ ਕਿਹਾ ਕੇ ਦੇਸ਼ ਦੀ ਆਜ਼ਾਦੀ ‘ਚ ਪੰਜਾਬ ਤੇ ਬੰਗਾਲ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਨੇ ਲੜਾਈ ਸ਼ੁਰੂ ਕੀਤੀ ਹੈ, ਜੋ ਦੇਸ਼ ‘ਚ ਫੈਲ ਰਹੀ ਹੈ ਤੇ ਇਸ ‘ਚ ਪੱਛਮੀ ਬੰਗਾਲ ਨੂੰ ਵੀ ਵੱਡਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨ ਸਿਰਫ਼ ਕਿਸਾਨਾਂ ਖ਼ਿਲਾਫ਼ ਨਹੀਂ, ਬਲਕਿ ਹਰ ਉਸ ਵਿਅਕਤੀ ਖ਼ਿਲਾਫ਼ ਹਨ, ਜਿਸ ਨੇ ਰੋਟੀ ਖਾਣੀ ਹੈ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਮਸਲਾ ਹੱਲ ਕਰਨ ਦੀ ਬਜਾਇ ਲੋਕਾਂ ਦੀ ਹੱਕੀ ਆਵਾਜ਼ ਨੂੰ ਦਬਾਉਣ ਤੇ ਦੇਸ਼ ‘ਚ ਜਮਹੂਰੀ ਕਦਰਾਂ ਕੀਮਤਾਂ ਦਾ ਭੋਗ ਪਾ ਕੇ ਫਾਸੀਵਾਦੀ ਰਾਜ ਸੱਤਾ ਸਥਾਪਤ ਕਰਨ ਵੱਲ ਵਧ ਰਹੀ ਹੈ।