ਕੋਵਿਡ -19: ਅੱਜ ਕਮਿਊਨਿਟੀ ‘ਚ ਡੈਲਟਾ ਵੇਰੀਐਂਟ ਦੇ 35 ਨਵੇਂ ਕੇਸ, ਜਦੋਂ ਕਿ ਐਮਆਈਕਿਯੂ ‘ਚੋਂ 24 ਨਵੇਂ ਕੇਸ ਆਏ

ਵੈਲਿੰਗਟਨ, 7 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 35 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਬਾਰਡਰ ਤੋਂ 24 ਹੋਰ ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 35 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 11,057 ਹੋ ਗਈ ਹੈ। ਇਨ੍ਹਾਂ 35 ਕੇਸਾਂ ਵਿੱਚੋਂ ਆਕਲੈਂਡ ‘ਚ 18 ਕੇਸ, 13 ਕੇਸ ਬੇਅ ਆਫ਼ ਪਲੇਨਟੀ, 3 ਕੇਸ ਲੇਕਸ ਡਿਸਟ੍ਰਿਕਟ ‘ਚ ਅਤੇ 1 ਕੇਸ ਵਾਇਕਾਟੋ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 37 ਲੋਕ ਹਨ। ਜਿਨ੍ਹਾਂ ਵਿੱਚੋਂ 4 ਕੇਸ ਨੌਰਥ ਸ਼ੋਰ, 14 ਕੇਸ ਆਕਲੈਂਡ ਸਿਟੀ ਹਸਪਤਾਲ, 13 ਮਿਡਲਮੋਰ ‘ਚ, 5 ਟੌਰੰਗਾ ‘ਚ ਅਤੇ ੧ ਵਾਇਕਾਟੋ ਵਿੱਚ ਹੈ। 3 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 53 ਸਾਲ ਹੈ।
ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਐਲਾਨੇ ਗਏ ਨਵੇਂ ਬਾਰਡਰ ਕੇਸਾਂ ਵਿੱਚ ਯੂਕੇ, ਯੂਐੱਸਏ, ਆਸਟਰੇਲੀਆ, ਸਪੇਨ, ਕਤਰ, ਪਾਕਿਸਤਾਨ, ਸੰਯੁਕਤ ਅਰਬ ਅਮੀਰਾਤ, ਫਿਜ਼ੀ, ਸਿੰਗਾਪੁਰ ਅਤੇ ਭਾਰਤ ਤੋਂ ਉਡਾਣ ਭਰਨ ਵਾਲੇ ਯਾਤਰੀ ਸ਼ਾਮਲ ਹਨ।
ਪ੍ਰੀ-ਡਿਪਾਰਚਰ ਟੈਸਟਿੰਗ (Pre-Departure)
ਅੱਜ ਤੋਂ ਨਿਊਜ਼ੀਲੈਂਡ ਵਿੱਚ ਦਾਖ਼ਲ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਰਵਾਨਗੀ (Departure) ਦੇ 48 ਘੰਟਿਆਂ ਦੇ ਅੰਦਰ ਪ੍ਰੀ-ਡਿਪਾਰਚਰ ਪੀਸੀਆਰ ਟੈੱਸਟ ਦੀ ਲੋੜ ਹੈ, ਜੋ ਪਹਿਲਾਂ 72 ਘੰਟਿਆਂ ਤੋਂ ਘੱਟ ਦੀ ਸੀ।