ਕੋਵਿਡ -19: ਅੱਜ ਕਮਿਊਨਿਟੀ ‘ਚ ਡੈਲਟਾ ਵੇਰੀਐਂਟ ਦੇ 14 ਨਵੇਂ ਕੇਸ, ਜਦੋਂ ਕਿ ਐਮਆਈਕਿਯੂ ‘ਚੋਂ 9 ਨਵੇਂ ਕੇਸ ਆਏ

ਵੈਲਿੰਗਟਨ, 11 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 14 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਬਾਰਡਰ ਤੋਂ 9 ਹੋਰ ਨਵੇਂ ਕੇਸ ਆਏ ਹਨ। ਅੱਜ ਦੇ ਕੋਵਿਡ ਦੇ ਕੇਸ ਆਕਲੈਂਡ, ਵਾਇਕਾਟੋ, ਨੌਰਥਲੈਂਡ ਅਤੇ ਵੈਲਿੰਗਟਨ ਵਿੱਚ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ, ‘ਅੱਜ ਰਿਪੋਰਟ ਕੀਤੇ ਗਏ ਕੇਸਾਂ ਦੀ ਘੱਟ ਗਿਣਤੀ ਇੱਕ ਸਵਾਗਤ ਯੋਗ ਖ਼ਬਰ ਹੈ, ਖ਼ਾਸ ਤੌਰ ‘ਤੇ ਟੈਸਟਿੰਗ ਸੰਖਿਆਵਾਂ ਦੇ ਵਿੱਚ ਵਾਧਾ ਹੋਇਆ ਹੈ। ਅਸੀਂ ਨਿਊਜ਼ੀਲੈਂਡ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਛੁੱਟੀਆਂ ਦੇ ਸਮੇਂ ਦੌਰਾਨ ਦੇਸ਼ ਭਰ ਵਿੱਚ ਯਾਤਰਾ ਕਰਦੇ ਹੋਏ ਅਤੇ ਦੋਸਤਾਂ ਤੇ ਪਰਿਵਾਰ ਨਾਲ ਮਿਲਣ ਦੌਰਾਨ ਦੇਖਭਾਲ ਵਰਤੀ ਹੈ’। ਨਿਊਜ਼ੀਲੈਂਡ ਇਸ ਸਮੇਂ ਕੋਰੋਨਾ ਵਿਰੁੱਧ ਦੁਬਾਰਾ ਲੜਾਈ ਜਿੱਤਦਾ ਨਜ਼ਰ ਆ ਰਿਹਾ ਹੈ।
ਗੌਰਤਲਬ ਹੈ ਕਿ ਪਿਛਲੇ 24 ਘੰਟਿਆਂ ਵਿੱਚ 14,705 ਟੈੱਸਟ ਕੀਤੇ ਗਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 14 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 11,183 ਹੋ ਗਈ ਹੈ। ਇਨ੍ਹਾਂ 14 ਕੇਸਾਂ ਵਿੱਚੋਂ ਆਕਲੈਂਡ ‘ਚ 9 ਕੇਸ, 2 ਕੇਸ ਨੌਰਥਲੈਂਡ, 2 ਕੇਸ ਵਾਇਕਾਟੋ ‘ਚ ਅਤੇ 1 ਕੇਸ ਵੈਲਿੰਗਟਨ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 34 ਲੋਕ ਹਨ। ਜਿਨ੍ਹਾਂ ਵਿੱਚੋਂ 4 ਕੇਸ ਨੌਰਥ ਸ਼ੋਰ, 12 ਕੇਸ ਆਕਲੈਂਡ ਸਿਟੀ ਹਸਪਤਾਲ, 13 ਮਿਡਲਮੋਰ ‘ਚ, 4 ਟੌਰੰਗਾ ‘ਚ ਅਤੇ 1 ਕੇਸ ਵਾਇਕਾਟੋ ਵਿੱਚ ਹੈ। 2 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 55 ਸਾਲ ਹੈ।