ਕੋਵਿਡ -19: ਆਕਲੈਂਡ ਐਤਵਾਰ ਰਾਤ 11.59 ਵਜੇ ਤੱਕ ਲੌਕਡਾਉਨ ‘ਚ ਰਹੇਗਾ – ਪੀਐਮ ਜੈਸਿੰਡਾ

ਵੈਲਿੰਗਟਨ, 24 ਅਗਸਤ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਕਿਹਾ ਕਿ ਆਕਲੈਂਡ ਵਿੱਚ 30 ਸਤੰਬਰ ਦਿਨ ਐਤਵਾਰ ਦੀ ਰਾਤ 11.59 ਵਜੇ ਤੱਕ ਦਾ ਅਲਰਟ ਲੈਵਲ 3 ਦੀਆਂ ਪਾਬੰਦੀਆਂ ਲਾਗੂ ਰਹਿਣਗੀਆਂ, ਜਦੋਂ ਕਿ ਬਾਕੀ ਦੇਸ਼ ਦੇ ਹਿੱਸੇ ਅਲਰਟ ਲੈਵਲ 2 ਉੱਤੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਆਕਲੈਂਡ ਲੌਕਡਾਉਨ ਦੇ 4 ਦਿਨ ਵਧਾਏ ਗਏ ਹਨ।
ਆਕਲੈਂਡ ਐਤਵਾਰ 30 ਅਗਸਤ ਦੀ ਰਾਤ 11.59 ਵਜੇ ਤੋਂ ਬਾਅਦ ਇੱਕ ਹਫ਼ਤੇ ਲਈ ਅਲਰਟ ਲੈਵਲ 2 ਉੱਤੇ ਆ ਜਾਵੇਗਾ, ਇਸ ਦਾ ਅਰਥ ਹੈ ਕਿ ਐਤਵਾਰ ਦੀ ਅੱਧੀ ਰਾਤ ਤੋਂ ਸਕੂਲ, ਹੋਸਪੀਟੈਲਟੀ, ਰਿਟੇਲ ਅਤੇ ਉਹ ਸੰਸਥਾਵਾਂ ਜੋ ਲੈਵਲ 2 ਵਿੱਚ ਸੰਚਾਲਨ ਦੇ ਯੋਗ ਹਨ ਸਾਰੇ ਖੁੱਲ੍ਹ ਜਾਣਗੇ, ਪਰ ਵੱਡੇ ਪੱਧਰ ਦੇ ਇਕੱਠਾਂ ‘ਤੇ ਇਕੱਠ 10 ਤੱਕ ਸੀਮਤ ਰਹੇਗਾ, ਜਦੋਂ ਕਿ ਟਾਂਗੀਹੰਗਾ ਅਤੇ ਅੰਤਿਮ ਸੰਸਕਾਰ ਲਈ 5੦ ਵਿਅਕਤੀਆਂ ਦੀ ਸੀਮਾ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਅਸੀਂ ਇਨ੍ਹਾਂ ਸੈਟਿੰਗਾਂ ਨੂੰ ਐਤਵਾਰ ਤੋਂ 1 ਹਫ਼ਤੇ ਲਈ ਰੱਖਾਂਗੇ ਅਤੇ ਉਨ੍ਹਾਂ ਦੀ ਸਮੀਖਿਆ ਐਤਵਾਰ 6 ਸਤੰਬਰ ਤੋਂ ਪਹਿਲਾਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਕੈਬਨਿਟ ਨੇ ਪਬਲਿਕ ਟ੍ਰਾਂਸਪੋਰਟ ‘ਤੇ ਮਾਸਕ ਦੀ ਵਰਤੋਂ ਨੂੰ ਲੈਵਲ 2 ਅਤੇ ਇਸ ਤੋਂ ਉੱਪਰ ਦੇ ਲਈ ਵੀ ਲਾਜ਼ਮੀ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਪਬਲਿਕ ਟ੍ਰਾਂਸਪੋਰਟ ਉੱਤੇ ਲੈਵਲ 2 ਅਤੇ ਇਸ ਤੋਂ ਉੱਪਰ ਦੇ ਲਈ ਮਾਸਕ ਲਾਜ਼ਮੀ ਪਹਿਨਣੇ ਪੈਣਗੇ ਅਤੇ ਇਹ ਸੋਮਵਾਰ ਤੋਂ ਲਾਗੂ ਹੋ ਜਾਵੇਗਾ।