ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ਦੇ ਅੱਜ 446 ਨਵੇਂ ਕੇਸ ਸਾਹਮਣੇ ਆਏ, 23 ਕੇਸ ਹਸਪਤਾਲ ‘ਚ

ਵੈਲਿੰਗਟਨ, 11 ਫਰਵਰੀ (ਕੂਕ ਪੰਜਾਬੀ ਸਮਾਚਾਰ) – ਅੱਜ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 446 ਹੋਰ ਨਵੇਂ ਕਮਿਊਨਿਟੀ ਕੇਸ ਆਏ ਹਨ। ਜਦੋਂ ਕਿ ਇਸ ਤੋਂ ਪਹਿਲਾਂ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਰੋਜ਼ਾਨਾ 24 ਘੰਟਿਆਂ ਵਿੱਚ ਕੱਲ੍ਹ ਸਭ ਤੋਂ ਜ਼ਿਆਦਾ 306 ਕੇਸ ਆਏ ਸਨ। ਸਿਹਤ ਮੰਤਰਾਲੇ ਨੇ ਕਿਹਾ ਕਿ ਕੇਸਾਂ ਦੀ ਗਿਣਤੀ ਵਿੱਚ ਉਤਰਾਅ-ਚੜ੍ਹਾਅ ਆਵੇਗਾ, ਪਰ ਆਉਣ ਵਾਲੇ ਹਫ਼ਤਿਆਂ ਵਿੱਚ ਇਹ ਵਾਧਾ ਜਾਰੀ ਰਹੇਗਾ।
ਅੱਜ ਬਾਰਡਰ ਤੋਂ 32 ਨਵੇਂ ਕੇਸ ਹੋਰ ਆਏ ਹਨ। ਜਿਸ ਵਿੱਚ ਅਮਰੀਕਾ (5), ਯੂਏਈ (5), ਭਾਰਤ (12), ਪਾਕਿਸਤਾਨ (4), ਕਤਰ (1), ਸਿੰਗਾਪੁਰ (1), ਸ੍ਰੀਲੰਕਾ (1) ਅਤੇ ਜਿਨ੍ਹਾਂ ਦਾ ਪੂਰਾ ਯਾਤਰਾ ਇਤਿਹਾਸ ਅਜੇ ਪ੍ਰਾਪਤ ਨਹੀਂ ਹੋਇਆ (3) ਸ਼ਾਮਲ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ 446 ਕੇਸਾਂ ਵਿੱਚੋਂ ਆਕਲੈਂਡ ‘ਚ 340 ਕੇਸ, 48 ਕੇਸ ਵਾਇਕਾਟੋ ‘ਚ, 16 ਕੇਸ ਨੌਰਥਲੈਂਡ ‘ਚ, 14 ਕੇਸ ਬੇਅ ਆਫ਼ ਪਲੇਨਟੀ ‘ਚ, 13 ਕੇਸ ਲੇਕਸ ‘ਚ, 7 ਕੇਸ ਹੱਟ ਵੈਲੀ ‘ਚ, 4 ਕੇਸ ਕੈਪੀਟਲ ਐਂਡ ਕੋਸਟ ‘ਚ, 3 ਕੇਸ ਸਾਊਥਰਨ ਅਤੇ 1 ਕੇਸ ਤਾਰਾਨਾਕੀ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 23 ਲੋਕ ਹਨ। ਜਿਨ੍ਹਾਂ ਵਿੱਚੋਂ 2 ਕੇਸ ਨੌਰਥ ਸ਼ੋਰ, 8 ਕੇਸ ਆਕਲੈਂਡ ਸਿਟੀ ਹਸਪਤਾਲ, 10 ਮਿਡਲਮੋਰ, 2 ਰੋਟੋਰੂਆ ਅਤੇ 1 ਕ੍ਰਾਈਸਟਚਰਚ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 49 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 23,146 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ 6.8 ਮਿਲੀਅਨ ਰੈਪਿਡ ਐਂਟੀਜੇਨ ਟੈੱਸਟ ਹਨ। ਮੰਤਰਾਲੇ ਨੇ ਦੱਸਿਆ ਕਿ ਕੱਲ੍ਹ 50,000 ਤੋਂ ਵੱਧ ਬੂਸਟਰ ਟੀਕੇ ਲਗਾਏ ਗਏ, ਜਿਸ ਨਾਲ ਹੁਣ ਤੱਕ ਕੁੱਲ 1,772,914 ਲਗਾਏ ਗਏ ਹਨ।