ਕੋਵਿਡ -19 ਓਮੀਕਰੋਨ ਪ੍ਰਕੋਪ: ਪਿਛਲੇ 7 ਦਿਨਾਂ ‘ਚ 42,740 ਮਾਮਲੇ ਅਤੇ ਕੋਵਿਡ ਕਾਰਣ 64 ਮੌਤਾਂ, ਨਵੀਂ ਲਹਿਰ ਲਗਾਤਾਰ ਚੜ੍ਹ ਰਹੀ ਹੈ

ਵੈਲਿੰਗਟਨ, 19 ਦਸੰਬਰ (ਕੂਕ ਪੰਜਾਬੀ ਸਮਾਚਾਰ) – ਸਰਕਾਰ ਨੇ ਐਲਾਨ ਕੀਤੀ ਹੈ ਕਿ ਨਿਊਜ਼ੀਲੈਂਡ ਦੀਆਂ ਕੋਵਿਡ -19 ਸੈਟਿੰਗਾਂ ਗਰਮੀਆਂ ਦੀਆਂ ਛੁੱਟੀਆਂ ‘ਚ ਬਦਲੀਆਂ ਨਹੀਂ ਜਾਣਗੀਆਂ, ਭਾਵ ਲੋਕਾਂ ਨੂੰ ਅਜੇ ਵੀ 7 ਦਿਨਾਂ ਲਈ ਆਈਸੋਲੇਟ ਕਰਨ ਦੀ ਲੋੜ ਹੋਵੇਗੀ ਜੇ ਉਨ੍ਹਾਂ ਦਾ ਟੈੱਸਟ ਕੋਵਿਡ -19 ਲਈ ਪਾਜ਼ੇਟਿਵ ਆਉਂਦਾ ਹੈ।
ਪਿਛਲੇ 7 ਦਿਨਾਂ ‘ਚ ਕਮਿਊਨਿਟੀ ਵਿੱਚ ਕੋਵਿਡ -19 ਦੇ 42,740 ਨਵੇਂ ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਨੇ ਪਿਛਲੇ ਹਫ਼ਤੇ ਵਾਇਰਸ ਨਾਲ ਸਬੰਧਿਤ 64 ਹੋਰ ਮੌਤਾਂ ਦੀ ਵੀ ਰਿਪੋਰਟ ਕੀਤੀ ਹੈ। ਬੀਤੀ ਅੱਧੀ ਰਾਤ ਤੱਕ, 581 ਲੋਕ ਵਾਇਰਸ ਨਾਲ ਹਸਪਤਾਲ ‘ਚ ਹਨ, ਜਿਨ੍ਹਾਂ ‘ਚ 15 ਇੰਟੈਂਸਿਵ ਕੇਅਰ ਯੂਨਿਟਾਂ ‘ਚ ਹਨ। ਪਿਛਲੇ ਹਫ਼ਤੇ ਨਵੇਂ ਕੇਸਾਂ ਵਿੱਚੋਂ 12,809 ਰੀਇੰਵੈਕਸ਼ਨ ਵਾਲੇ ਹਨ। ਹਰ ਦਿਨ ਦਰਜ ਕੀਤੇ ਨਵੇਂ ਕੇਸਾਂ ਲਈ 7 ਦਿਨਾਂ ਦੀ ਰੋਲਿੰਗ ਔਸਤ ਹੁਣ 6,099 ਹੈ। ਇਸ ਨਵੀਨਤਮ ਓਮੀਕਰੋਨ ਵੇਵ ‘ਚ ਕੋਵਿਡ -19 ਲਾਗਾਂ ਦਾ ਸਭ ਤੋਂ ਭੈੜਾ ਹਫ਼ਤਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਲੋਕ ਆਪਣੀਆਂ ਕ੍ਰਿਸਮਸ ਦੀਆਂ ਛੁੱਟੀਆਂ ‘ਤੇ ਜਾਣ ਦੀ ਤਿਆਰੀ ਕਰ ਰਹੇ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ 64 ਮੌਤਾਂ ਵਿੱਚੋਂ ਇੱਕ 30 ਸਾਲ ਦਾ, ਦੋ 40 ਸਾਲ ਦੇ, ਇੱਕ 50 ਸਾਲ ਦਾ, ਪੰਜ 60 ਸਾਲ ਦੇ, ਬਾਰ੍ਹਾਂ 70 ਸਾਲ ਦੇ, ਅਠਾਈ 80 ਸਾਲਾਂ ਦੇ ਅਤੇ ਪੰਦਰਾਂ 90 ਸਾਲ ਤੋਂ ਉੱਪਰ ਦੇ ਹਨ।