ਕੋਵਿਡ -19 ਡੈਲਟਾ ਆਊਟਬ੍ਰੇਕ: ਆਕਲੈਂਡ 2 ਹਫ਼ਤਿਆਂ ਲਈ ਅਲਰਟ ਲੈਵਲ 3 ‘ਤੇ ਜਾਏਗਾ ਅਤੇ ਦੇਸ਼ ਦਾ ਬਾਕੀ ਹਿੱਸਾ ਲੈਵਲ 2 ਉੱਤੇ ਹੀ ਰਹੇਗਾ – ਪ੍ਰਧਾਨ ਮੰਤਰੀ ਆਰਡਰਨ

ਵੈਲਿੰਗਟਨ, 20 ਸਤੰਬਰ (ਕੂਕ ਪੰਜਾਬੀ ਸਮਾਚਾਰ) – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਪ੍ਰੈੱਸ ਕਾਨਫ਼ਰੰਸ ਵਿੱਚ ਐਲਾਨ ਕੀਤਾ ਕਿ ਆਕਲੈਂਡ 21 ਸਤੰਬਰ ਦੀ ਅੱਧੀ ਰਾਤ 11.59 ਵਜੇ ਤੋਂ ਦੋ ਹਫ਼ਤੇ ਲਈ ਅਲਰਟ ਲੈਵਲ 3 ‘ਤੇ ਜਾਏਗਾ, ਜਿਸ ਨਾਲ ਆਕਲੈਂਡ ਦਾ ਪੰਜ ਹਫ਼ਤਿਆਂ ਦਾ ਅਲਰਟ ਲੈਵਲ 4 ਲੌਕਡਾਉਨ ਖ਼ਤਮ ਹੋ ਜਾਏਗਾ। ਜਦੋਂ ਕਿ ਦੇਸ਼ ਦਾ ਬਾਕੀ ਹਿੱਸਾ ਲੈਵਲ 2 ਵਿੱਚ ਹੀ ਰਹੇਗਾ। ਕੈਬਨਿਟ 4 ਅਕਤੂਬਰ ਦਿਨ ਸੋਮਵਾਰ ਨੂੰ ਇਨ੍ਹਾਂ ਸੈਟਿੰਗਾਂ ਦੀ ਸਮੀਖਿਆ ਕਰੇਗੀ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਕੈਬਨਿਟ ਨੇ ਸਲਾਹ ਨੂੰ ਸਵੀਕਾਰ ਕਰ ਲਿਆ ਹੈ ਕਿ ਲੈਵਲ 4 ਨੇ ਇਸ ਪ੍ਰਕੋਪ ਨੂੰ ਰੋਕਣ ਵਿੱਚ ਸਹਾਇਤਾ ਕੀਤੀ ਹੈ ਅਤੇ ਲੈਵਲ 3 ਨੇ ਅਜੇ ਵੀ ਇਸ ਰੋਕ ਨੂੰ ਬਣਾਈ ਰੱਖਣ ਲਈ ਨਿਯਮ ਪ੍ਰਦਾਨ ਕੀਤੇ ਹਨ। ਲੈਵਲ 2 ਦੇ ਨਿਯਮਾਂ ਵਿੱਚ ਬਦਲਾਅ ਕੀਤਾ ਜਾਵੇਗਾ। ਹਾਲਾਂਕਿ, ਹੋਸਪੀਟੇਲਟੀ ਸਥਾਨਾਂ ਸਮੇਤ ਵੱਧ ਤੋਂ ਵੱਧ 100 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਜਾਏਗੀ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਆਕਲੈਂਡ ਲਈ ਲੈਵਲ 3 ਦਾ ਅਰਥ ਹੈ “ਸਾਵਧਾਨੀ”। ਬੱਬਲ ਬਣਾਈ ਰੱਖੋ, ਤੁਸੀਂ ਦੋਸਤਾਂ ਜਾਂ ਗੁਆਂਢੀਆਂ ਨੂੰ ਨਹੀਂ ਮਿਲ ਸਕਦੇ, ਤੁਹਾਨੂੰ ਭੋਜਨ ਸਾਂਝਾ ਨਹੀਂ ਕਰਨਾ ਚਾਹੀਦਾ, ਫੈਂਸ ਦੇ ਨਾਲ ਲੱਗ ਕੇ ਗੱਲ ਨਹੀਂ ਕਰਨੀ ਚਾਹੀਦੀ ਜਾਂ ਬੱਚਿਆਂ ਨੂੰ ਇਕੱਠੇ ਨਹੀਂ ਖੇਡਣਾ ਚਾਹੀਦਾ ਹੈ। ਤੁਸੀਂ ਇਕੱਲੇ ਲੋਕਾਂ ਤੇ ਬਜ਼ੁਰਗ ਰਿਸ਼ਤੇਦਾਰਾਂ ਲਈ ਆਪਣੇ ਬੱਬਲ ਵਿੱਚ ਥੋੜ੍ਹਾ ਅਤੇ ਛੋਟਾ ਵਿਸਥਾਰ ਕਰ ਸਕਦੇ ਹੋ। ਬੱਚਿਆਂ ਦੀ ਦੇਖਭਾਲ ਲਈ ਕਿਸੇ ਹੋਰ ਦੇਖਭਾਲ ਕਰਨ ਵਾਲੇ ਜਾਂ ਪਰਿਵਾਰਕ ਮੈਂਬਰ ਨੂੰ ਵੀ ਲਿਆਂਦਾ ਜਾ ਸਕਦਾ ਹੈ। ਆਰਡਰਨ ਨੇ ਕਿਹਾ ਕਿ ਬੱਬਲ ਛੋਟੇ ਅਤੇ ਵਿਸ਼ੇਸ਼ ਰਹਿਣੇ ਚਾਹੀਦੇ ਹਨ।