ਕੋਵਿਡ -19 ਡੈਲਟਾ ਆਊਟਬ੍ਰੇਕ: ਆਕਲੈਂਡ ਅਗਲੇ ਮੰਗਲਵਾਰ ਰਾਤ ਅਲਰਟ ਲੈਵਲ 3 ਦੀਆਂ ਪਾਬੰਦੀਆਂ ਦੇ ‘ਪੜਾਅ 2’ ਦੇ ਵਿੱਚ ਜਾਏਗਾ – ਪ੍ਰਧਾਨ ਮੰਤਰੀ ਆਰਡਰਨ

ਵਾਇਕਾਟੋ ਦੇ ਕੱਲ੍ਹ ਰਾਤ 11.59 ਵਜੇ ਤੋਂ ਲੈਵਲ 3 ਦੇ ਦੂਜੇ ਪੜਾਅ ਵਿੱਚ ਜਾਣ ਨਾਲ ਢਿੱਲ ਮਿਲੇਗੀ ‘ਵੈਲਿੰਗਟਨ, 1 ਨਵੰਬਰ (ਕੂਕ ਪੰਜਾਬੀ ਸਮਾਚਾਰ) – ਅੱਜ 4 ਵਜੇ ਕੀਤੀ ਪ੍ਰੈੱਸ ਕਾਨਫ਼ਰੰਸ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਕੈਬਨਿਟ ਨੇ ਮੀਟਿੰਗ ਕਰਕੇ ਫ਼ੈਸਲਾ ਕੀਤਾ ਹੈ ਕਿ, ‘ਆਕਲੈਂਡ 9 ਨਵੰਬਰ ਦਿਨ ਮੰਗਲਵਾਰ ਰਾਤ 11.59 ਵਜੇ ਤੋਂ ਅਲਰਟ ਲੈਵਲ 3 ਦੀਆਂ ਪਾਬੰਦੀਆਂ ਦੇ ‘ਪੜਾਅ 2’ ਦੇ ਵਿੱਚ ਜਾਏਗਾ। ਜਦੋਂ ਕਿ ਵਾਇਕਾਟੋ ਕੱਲ੍ਹ 2 ਨਵੰਬਰ ਦਿਨ ਮੰਗਲਵਾਰ ਦੀ ਰਾਤ ਨੂੰ 11.59 ਵਜੇ ਲੈਵਲ 3 ਦੀਆਂ ਪਾਬੰਦੀਆਂ ਦੇ ‘ਪੜਾਅ 2’ ‘ਤੇ ਚਲਾ ਜਾਏਗਾ। ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਦੇਸ਼ ਦਾ ਬਾਕੀ ਹਿੱਸਾ ਅਲਰਟ ਲੈਵਲ 2 ‘ਤੇ ਹੀ ਰਹੇਗਾ।
ਵਾਇਕਾਟੋ ਦੇ ਕੱਲ੍ਹ ਰਾਤ 11.59 ਵਜੇ ਤੋਂ ਦੂਜੇ ਪੜਾਅ ‘ਤੇ ਪਾਬੰਦੀਆਂ ਵਿੱਚ ਜਾਣ ਨਾਲ ਢਿੱਲ ਮਿਲੇਗੀ। ਇਸ ਦਾ ਅਰਥ ਇਹ ਹੋਵੇਗਾ ਕਿ ਰਿਟੇਲ ਕਾਰੋਬਾਰ ਅਤੇ ਜਨਤਕ ਸਹੂਲਤਾਂ ਦੁਬਾਰਾ ਖੁੱਲ੍ਹ ਸਕਦੀਆਂ ਹਨ ਅਤੇ ਬਾਹਰ ਮਿਲਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 25 ਤੱਕ ਹੋ ਜਾਵੇਗੀ।
ਅਲਰਟ ਲੈਵਲ 3 ਦੀਆਂ ਪਾਬੰਦੀਆਂ ਦੇ ‘ਪੜਾਅ 2’ ਦੇ ਵਿੱਚ:
* ਰਿਟੇਲ ਕਾਰੋਬਾਰ ਦਾ ਸੰਚਾਲਨ ਕਰ ਸਕਦੇ ਹਨ, ਗ੍ਰਾਹਕ ਕਾਰੋਬਾਰ ਵਾਲੇ ਸਥਾਨ ‘ਚ ਦਾਖਲ ਹੋ ਸਕਦੇ ਹਨ। ਉਹ ਆਪਣੇ ਚਿਹਰੇ ਨੂੰ ਢੱਕਣ ਦੇ ਨਾ-ਨਾਲ 2 ਮੀਟਰ ਦੀ ਸਰੀਰਕ ਦੂਰੀ ਰੱਖਣੀ ਲਾਜ਼ਮੀ ਹੋਵੇਗੀ। ਯਾਨੀ ਕੇ ਦੂਜੇ ਪੜਾਅ ‘ਚ ਰਿਟੇਲ ਕਾਰੋਬਾਰ ਖੁੱਲ੍ਹ ਸਕਦੇ ਹਨ, ਗਾਹਕਾਂ ਨੂੰ ਦੋ ਮੀਟਰ ਦੀ ਦੂਰੀ ਰੱਖਣ ਅਤੇ ਸਟਾਫ਼ ਤੇ ਗਾਹਕਾਂ ਨੂੰ ਚਿਹਰੇ ਨੂੰ ਢੱਕਣ ਦੀ ਲੋੜ ਹੈ।
* ਜਨਤਕ ਸਹੂਲਤਾਂ ਜਿਵੇਂ ਕਿ ਲਾਇਬ੍ਰੇਰੀਆਂ ਅਤੇ ਅਜਾਇਬ ਘਰ ਮੁੜ ਖੁੱਲ੍ਹ ਸਕਦੇ ਹਨ, ਪਰ ਚਿਹਰੇ ਨੂੰ ਢੱਕਣ ਅਤੇ 2 ਮੀਟਰ ਸਰੀਰਕ ਦੂਰੀ ਦੀ ਲੋੜ ਦੇ ਨਾਲ ਹੀ ਖੁੱਲ੍ਹਣਗੇ।
* ਆਊਟਡੋਰ ਇਕੱਠ 25 ਲੋਕਾਂ ਤੱਕ ਹੋ ਸਕਦੇ ਹਨ।

ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਵੈਕਸੀਨੇਸ਼ਨ ਸਰਟੀਫਿਕੇਟ ਮੌਜੂਦਾ ਅਲਰਟ ਲੈਵਲਾਂ ਦਾ ਹਿੱਸਾ ਨਹੀਂ ਹਨ, ਇਸ ਲਈ ਰਿਟੇਲ ਦੁਬਾਰਾ ਖੁੱਲ੍ਹਣ ‘ਤੇ ਲਾਗੂ ਨਹੀਂ ਹੋਣਗੇ। ਉਨ੍ਹਾਂ ਕਿਹਾ ਸਰਟੀਫਿਕੇਟਾਂ ‘ਤੇ ਕੰਮ ਮਹੀਨੇ ਦੇ ਅੰਤ ਤੱਕ ਹੋਣਾ ਹੈ, ਪਰ ਜੇਕਰ ਪਹਿਲਾਂ ਲੋੜ ਪਈ ਤਾਂ ਸਬੂਤ ਦੇ ਹੋਰ ਰੂਪਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਡੈਲਟਾ ਪ੍ਰਕੋਪ ਨੂੰ ਰੋਕਣ ਲਈ ਆਕਲੈਂਡ ਲੌਕਡਾਉਨ ਵਿੱਚ ਆਪਣੇ 12ਵੇਂ ਹਫ਼ਤੇ ਵਿੱਚ ਦਾਖਲ ਹੈ ਅਤੇ ਹੁਣ ਤੱਕ 3510 ਕੇਸ ਹੋ ਗਏ ਹਨ। ਅੱਜ ਸੋਮਵਾਰ ਨੂੰ 162 ਨਵੇਂ ਕੇਸ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਡੈਲਟਾ ਦੇ ਕੇਸ ਹੁਣ ਇੱਕ ਹਫ਼ਤੇ ਵਿੱਚ 1400 ਦੇ ਸਿਖਰ ‘ਤੇ ਪਹੁੰਚਣ ਦੀ ਉਮੀਦ ਹੈ।