ਕੋਵਿਡ -19 ਡੈਲਟਾ ਆਊਟਬ੍ਰੇਕ: ਕਮਿਊਨਿਟੀ ਦੇ 51 ਹੋਰ ਨਵੇਂ ਕੇਸ, ‘ਸੁਪਰ ਸ਼ਨੀਵਾਰ’ ਨੂੰ 1,30,002 ਟੀਕੇ ਲਗਾਏ ਗਏੇ

ਵੈਲਿੰਗਟਨ, 17 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 51 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਆਕਲੈਂਡ ‘ਚ 47 ਅਤੇ ਵਾਇਕਾਟੋ ‘ਚ 4 ਕੇਸ ਆਏ ਹਨ। ਵਾਇਕਾਟੋ ਦੇ 4 ਨਵੇਂ ਕੇਸਾਂ ਵਿੱਚੋਂ 2 ਮੌਜੂਦਾ ਮਾਮਲਿਆਂ ਦੇ ਜਾਣੇ ਜਾਂਦੇ ਸੰਪਰਕ ਹਨ, 1 ਹੈਮਿਲਟਨ ਅਤੇ 1 ਰਗ ਲੇਨ ਵਿੱਚ ਹੈ, ਜਦੋਂ ਕਿ ਵਾਇਕਾਟੋ ‘ਚ 2 ਅਣਲਿੰਕ ਕੇਸ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੱਲ੍ਹ ‘ਸੁਪਰ ਸ਼ਨੀਵਾਰ’ ਵਾਲਾ ਦਿਨ ਰਿਕਾਰਡ ਤੋੜ ਟੀਕੇ ਲਗਾਏ ਗਏ, ਜਿਸ ਵਿੱਚ 1,30,002 ਲੋਕਾਂ ਨੂੰ ਪਹਿਲਾ ਤੇ ਦੂਜਾ ਟੀਕਾ ਲੱਗਾ।
ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹਾ ਹੀ ਰਿਹਾ ਤਾਂ ਛੇਤੀ ਹੀ ਕੇਸ ਤਿੰਨ ਗੁਣਾ ਹੋ ਜਾਣਗੇ, ਅਕਤੂਬਰ ਦੇ ਅੰਤ ਤੱਕ ਰੋਜ਼ਾਨਾ ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ 18 ਅਕਤੂਬਰ ਦਿਨ ਸੋਮਵਾਰ ਨੂੰ ਕੈਬਨਿਟ ਅਗਲੇ ਅਲਰਟ ਲੈਵਲ ਦੇ ਬਾਰੇ ਫ਼ੈਸਲਾ ਲੈਣ ਲਈ ਦੁਬਾਰਾ ਮੀਟਿੰਗ ਕਰੇਗੀ, ਜਿਸ ਵਿੱਚ ਇੱਕ ਸੰਭਾਵਿਤ ਤਾਰੀਖ਼ ਵੀ ਸ਼ਾਮਲ ਹੈ ਜਦੋਂ ਆਕਲੈਂਡ ਦੇ ਸਕੂਲ ਮੁੜ ਤੋਂ ਖੁੱਲ੍ਹ ਸਕਦੇ ਹਨ। ਉਹ ਕਦਮ ਅੰਸ਼ਿਕ ਤੌਰ ‘ਤੇ ਟੀਕਾਕਰਣ ਦੀਆਂ ਦਰਾਂ ‘ਤੇ ਨਿਰਭਰ ਹੋਵੇਗਾ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੱਲ੍ਹ ‘ਸੁਪਰ ਸ਼ਨੀਵਾਰ’ ਵਾਲੇ ਦਿਨ 1,30,002 ਲੋਕਾਂ ਨੇ ਟੀਕੇ ਲਗਵਾਏ। ਜਿਸ ਵਿੱਚ 39,025 ਲੋਕਾਂ ਨੂੰ ਪਹਿਲਾ ਅਤੇ 90,977 ਲੋਕਾਂ ਨੂੰ ਦੂਜਾ ਟੀਕਾ ਲੱਗਾ। ਆਕਲੈਂਡ ਵਿੱਚ ਅੱਜ 41,081 ਆਕਲੈਂਡਰਸ ਨੂੰ ਟੀਕੇ ਲਗਾਏ ਗਏ, ਜਿਸ ਵਿੱਚ 9,039 ਨੂੰ ਪਹਿਲਾ ਅਤੇ 32,042 ਨੂੰ ਦੂਜਾ ਟੀਕਾ ਲਗਾਇਆ ਗਿਆ। ਜੋ ਲਗਭਗ 90% ਦੇ ਕਰੀਬ ਬਣਦੇ ਹਨ। ਪਰ ਦੇਸ਼ ਦੀ 15% ਯੋਗ ਆਬਾਦੀ ਬਿਨਾਂ ਟੀਕਾਕਰਣ ਦੇ ਰਹਿ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਲਾਗ ਲੱਗਣ, ਬਿਮਾਰ ਹੋਣ, ਹਸਪਤਾਲ ਵਿੱਚ ਦਾਖਲ ਹੋਣ ਅਤੇ ਮਰਨ ਦੇ ਵਧੇਰੇ ਜੋਖ਼ਮ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ 51 ਕੇਸਾਂ ਵਿੱਚੋਂ 23 ਕੇਸ ਅਣਲਿੰਕ ਹਨ, 18 ਕੇਸ ਘਰੇਲੂ ਸੰਪਰਕ ਦੇ ਹਨ ਜਦੋਂ ਕਿ 28 ਲਿੰਕ ਕੇਸ ਹਨ। ਗੌਰਤਲਬ ਹੈ ਕਿ ਪਿਛਲੇ 14 ਦਿਨਾਂ ‘ਚੋਂ 124 ਅਣਲਿੰਕ ਕੇਸ ਆਏ ਹਨ। ਅੱਜ ਦੇ ਨਵੇਂ 51 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1,945 ਹੋ ਗਈ ਹੈ। ਹਸਪਤਾਲ ਵਿੱਚ 29 ਮਰੀਜ਼ ਹਨ ਜਿਨ੍ਹਾਂ ਵਿੱਚੋਂ 5 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ।