ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 82 ਨਵੇਂ ਹੋਰ ਕੇਸ, ਹੁਣ ਤੱਕ 429 ਕਮਿਊਨਿਟੀ ਕੇਸ ਹੋਏ

ਵੈਲਿੰਗਟਨ, 28 ਅਗਸਤ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 82 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੌਜੂਦਾ ਆਕਲੈਂਡ ਕਮਿਊਨਿਟੀ ਦੇ ਤਾਜ਼ਾ ਪ੍ਰਕੋਪ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ 429 ਹੋ ਗਈ ਹੈ।
ਸਿਹਤ ਮੰਤਰਾਲੇ ਨੇ ਅੱਜ ਪ੍ਰੈੱਸ ਕਾਨਫ਼ਰੰਸ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਅੱਜ ਦੇ ਆਏ 82 ਨਵੇਂ ਕੇਸ ਸਾਰੇ ਆਕਲੈਂਡ ਵਿੱਚੋਂ ਹੀ ਹਨ। ਇਸ ਨਾਲ ਕਮਿਊਨਿਟੀ ਵਿੱਚ ਕੁੱਲ ਗਿਣਤੀ 429 ਹੋ ਗਈ ਹੈ। ਇਸ ਵੇਲੇ 415 ਕੇਸ ਆਕਲੈਂਡ ਵਿੱਚ ਅਤੇ 14 ਕੇਸ ਵੈਲਿੰਗਟਨ ਵਿੱਚ ਹਨ।
ਕੋਵਿਡ -19 ਦੇ ਨਾਲ ਸੰਬੰਧਿਤ ਮੌਜੂਦਾ ਕਮਿਊਨਿਟੀ ਕੇਸਾਂ ਵਿੱਚੋਂ ਹਸਪਤਾਲ ਵਿੱਚ 25 ਲੋਕ ਹਨ। ਇਨ੍ਹਾਂ ਵਿੱਚੋਂ 23 ਕੇਸ ਸਥਿਰ ਹਾਲਤ ‘ਚ ਵਾਰਡ ਦੇ ਵਿੱਚ ਹੈ ਅਤੇ 2 ਕੇਸ ਆਈਸੀਯੂ ਵਿੱਚ ਸਥਿਰ ਹਾਲਤ ‘ਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 1 ਨੌਰਥ ਸ਼ੋਰ ਹਸਪਤਾਲ, 11 ਮਿਡਲਮੋਰ ਹਸਪਤਾਲ ਅਤੇ 12 ਆਕਲੈਂਡ ਸਿਟੀ ਹਸਪਤਾਲ ਵਿੱਚ ਹਨ ਅਤੇ 1 ਕੇਸ ਵੈਲਿੰਗਟਨ ਰਿਜਨਲ ਹਸਪਤਾਲ ਵਿੱਚ ਹੈ।
ਮੰਤਰਾਲੇ ਨੇ ਕਿਹਾ ਕਿ 376 ਮਾਮਲਿਆਂ ਨੂੰ ਸਪਸ਼ਟ ਤੌਰ ‘ਤੇ ਮਹਾਂਮਾਰੀ ਵਿਗਿਆਨਿਕ ਤੌਰ ‘ਤੇ ਕਿਸੇ ਹੋਰ ਮਾਮਲੇ ਜਾਂ ਸਬ-ਕਲੱਸਟਰ ਨਾਲ ਜੁੜੇ ਸੀ, ਜਦੋਂ ਕਿ ਬਾਕੀ 53 ਲਈ ਲਿੰਕ ਅਜੇ ਪੂਰੀ ਤਰ੍ਹਾਂ ਸਥਾਪਤ ਨਹੀਂ ਹੋਏ ਹਨ। ਡੈਲਟਾ ਵੇਰੀਐਂਟ ਆਊਟਬ੍ਰੇਕ ਦੇ ਅੰਦਰ 7 ਸਬ-ਕਲੱਸਟਰਾਂ ਦੀ ਪਛਾਣ ਕੀਤੀ ਗਈ ਹੈ।