ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 98 ਨਵੇਂ ਕੇਸ ਆਏ

ਵੈਲਿੰਗਟਨ, 4 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 98 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਬਾਰਡਰ ਤੋਂ 2 ਕੇਸ ਮੈਨੇਜਡ ਆਈਸੋਲੇਸ਼ਨ ਦੇ ਵਿੱਚ ਆਏ ਹਨ, ਜਿਸ ਵਿੱਚ ਇੱਕ ਕੇਸ ਭਾਰਤ ਤੋਂ 30 ਨਵੰਬਰ ਨੂੰ ਆਇਆ ਅਤੇ ਦੂਜਾ ਕੇਸ ਫਿਜ਼ੀ ਤੋਂ 28 ਨਵੰਬਰ ਨੂੰ ਆਇਆ ਸੀ।
ਗੌਰਤਲਬ ਹੈ ਕਿ ਕੱਲ੍ਹ ਤੋਂ ਦੇਸ਼ ਭਰ ਦੇ ਕਾਰੋਬਾਰੀ ਟ੍ਰੈਫ਼ਿਕ ਲਾਈਟ ਸਿਸਟਮ ਦਾ ਅਭਿਆਸ ਕਰਨ ਲੱਗੇ ਹੋਏ ਹਨ ਜਦੋਂ ਕਿ ਆਕਲੈਂਡ ਵਾਸੀ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਣ ਲੱਗੇ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 98 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 64 ਕੇਸ, 21 ਕੇਸ ਵਾਇਕਾਟੋ, 6 ਕੇਸ ਬੇਅ ਆਫ਼ ਪਲੈਂਟੀ, 3 ਕੇਸ ਨੌਰਥਲੈਂਡ, 2 ਕੇਸ ਹਾਕਸ ਬੇਅ, 1 ਕੇਸ ਲੇਕ ਡੀਐੱਚਬੀ ਅਤੇ 1 ਕੇਸ ਨੈਲਸਨ-ਮਾਰਲਬਰੋ ਵਿੱਚ ਹੈ।
ਅੱਜ ਦੇ ਨਵੇਂ 98 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 8,934 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 73 ਮਰੀਜ਼ ਹਨ ਅਤੇ ਇਨ੍ਹਾਂ ਵਿੱਚੋਂ 7 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ।