ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 53 ਨਵੇਂ ਕੇਸ ਆਏ, ਹੁਣ ਤੱਕ 562 ਕਮਿਊਨਿਟੀ ਕੇਸ ਹੋਏ

ਵੈਲਿੰਗਟਨ, 30 ਅਗਸਤ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 53 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੌਜੂਦਾ ਆਕਲੈਂਡ ਕਮਿਊਨਿਟੀ ਦੇ ਤਾਜ਼ਾ ਪ੍ਰਕੋਪ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ 562 ਹੋ ਗਈ ਹੈ।
ਸਿਹਤ ਮੰਤਰਾਲੇ ਨੇ ਅੱਜ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਅੱਜ ਦੇ ਆਏ 53 ਨਵੇਂ ਕੇਸ ਸਾਰੇ ਹੀ ਆਕਲੈਂਡ ਵਿੱਚੋਂ ਹਨ। ਇਸ ਨਾਲ ਕਮਿਊਨਿਟੀ ਵਿੱਚ ਕੁੱਲ ਗਿਣਤੀ 562 ਹੋ ਗਈ ਹੈ। ਇਸ ਵੇਲੇ 547 ਕੇਸ ਆਕਲੈਂਡ ਵਿੱਚ ਅਤੇ 15 ਕੇਸ ਵੈਲਿੰਗਟਨ ਦੇ ਹਨ।
ਕੋਵਿਡ -19 ਦੇ ਨਾਲ ਸੰਬੰਧਿਤ ਮੌਜੂਦਾ ਕਮਿਊਨਿਟੀ ਕੇਸਾਂ ਵਿੱਚੋਂ ਹਸਪਤਾਲ ਵਿੱਚ 37 ਲੋਕ ਹਨ। ਇਨ੍ਹਾਂ ਵਿੱਚੋਂ 32 ਕੇਸ ਸਥਿਰ ਹਾਲਤ ‘ਚ ਵਾਰਡ ਦੇ ਵਿੱਚ ਹੈ ਅਤੇ 5 ਕੇਸ ਆਈਸੀਯੂ ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 2 ਨੌਰਥ ਸ਼ੋਰ ਹਸਪਤਾਲ, 20 ਮਿਡਲਮੋਰ ਹਸਪਤਾਲ ਅਤੇ 14 ਆਕਲੈਂਡ ਸਿਟੀ ਹਸਪਤਾਲ ਵਿੱਚ ਹਨ ਅਤੇ 1 ਕੇਸ ਵੈਲਿੰਗਟਨ ਹਸਪਤਾਲ ਵਿੱਚ ਹੈ।
ਕੋਵਿਡ -19 ਟੈੱਸਟ ਅੱਪਡੇਟ
ਜ਼ਿਆਦਾਤਰ ਨਵੇਂ ਕੇਸ 28 ਅਗਸਤ ਦਿਨ ਸ਼ਨੀਵਾਰ ਟੈੱਸਟਾਂ ਦੇ ਹਨ, ਜਦੋਂ ਕੋਵਿਡ -19 ਲਈ 23,000 ਲੋਕਾਂ ਦੀ ਜਾਂਚ ਕੀਤੀ ਗਈ ਸੀ। ਕੱਲ੍ਹ ਪੂਰੇ ਨਿਊਜ਼ੀਲੈਂਡ ਵਿੱਚ 16,370 ਟੈੱਸਟ ਕੀਤੇ ਗਏ ਸਨ। ਜਦੋਂ ਕਿ ਵੀਰਵਾਰ ਨੂੰ 36,000 ਅਤੇ ਸ਼ੁੱਕਰਵਾਰ ਨੂੰ 37,000 ਟੈੱਸਟਾਂ ਕੀਤੇ ਗਏ ਸਨ। ਐਤਵਾਰ ਨੂੰ ਆਕਲੈਂਡ ਦੇ ਟੈਸਟਿੰਗ ਸੈਂਟਰਾਂ ਵਿੱਚ ਲਗਭਗ 15,000 ਸਵੈਬ ਲਏ ਗਏ ਸਨ।
ਸਿਹਤ ਮੰਤਰਾਲੇ ਨੇ ਨਿਊਜ਼ੀਲੈਂਡ ਦੇ ਅਲਰਟ ਲੈਵਲ ਦੀ ਪੁਸ਼ਟੀ ਕਰਨ ਲਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋਂ ਸ਼ਾਮ 4 ਵਜੇ ਰੱਖੀ ਪ੍ਰੈੱਸ ਕਾਨਫ਼ਰੰਸ ਤੋਂ ਪਹਿਲਾਂ ਇਹ ਕੇਸ ਨੰਬਰ ਜਾਰੀ ਕੀਤੇ ਹਨ।
ਕੋਵਿਡ -19 ਵੈਕਸੀਨ ਅੱਪਡੇਟ
ਕੱਲ੍ਹ 47,897 ਟੀਕੇ ਲਗਾਏ ਗਏ। ਇਨ੍ਹਾਂ ਵਿੱਚੋਂ 36,476 ਪਹਿਲੀ ਖ਼ੁਰਾਕ ਅਤੇ 11,421 ਦੂਜੀ ਖ਼ੁਰਾਕਾਂ ਸਨ। ਇਹ ਐਤਵਾਰ ਦਾ ਰਿਕਾਰਡ ਹੈ। ਕੋਵਿਡ -19 ਟੀਕੇ ਦੀਆਂ 3.33 ਮਿਲੀਅਨ ਤੋਂ ਵੱਧ ਖ਼ੁਰਾਕਾਂ ਅੱਜ ਤੱਕ (29 ਅਗਸਤ ਨੂੰ ਰਾਤ 11.59 ਵਜੇ ਤੱਕ) ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ, 2.17 ਮਿਲੀਅਨ ਪਹਿਲੀ ਖ਼ੁਰਾਕ ਹਨ ਅਤੇ 1.16 ਮਿਲੀਅਨ ਤੋਂ ਵੱਧ ਦੂਜੀ ਖ਼ੁਰਾਕ ਹਨ। 197,000 ਤੋਂ ਵੱਧ ਮਾਓਰੀਆਂ ਨੇ ਆਪਣਾ ਪਹਿਲਾ ਟੀਕਾ ਲਗਵਾਇਆ ਹੈ। ਇਨ੍ਹਾਂ ਵਿੱਚੋਂ, 104,000 ਤੋਂ ਵੱਧ ਲੋਕਾਂ ਨੇ ਆਪਣੇ ਦੂਜੇ ਟੀਕੇ ਵੀ ਲਗਾਏ ਹਨ। ਪੈਸੀਫਿਕ ਦੇ ਲੋਕਾਂ ਨੂੰ 128,000 ਤੋਂ ਵੱਧ ਖ਼ੁਰਾਕਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ, 71,000 ਤੋਂ ਵੱਧ ਲੋਕਾਂ ਨੇ ਆਪਣੀ ਦੂਜੀ ਖ਼ੁਰਾਕ ਵੀ ਪ੍ਰਾਪਤ ਕੀਤੀ ਹੈ।