ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 20 ਨਵੇਂ ਕੇਸ ਆਏ ਅਤੇ ਆਕਲੈਂਡ ‘ਚ 1 ਮਹਿਲਾ ਦੀ ਮੌਤ ਹੋਈ

ਵੈਲਿੰਗਟਨ, 4 ਸਤੰਬਰ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 20 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਆਕਲੈਂਡ ਵਿੱਚ 1 ਮਹਿਲਾ ਦੀ ਕੋਵਿਡ -19 ਦੇ ਨਾਲ ਮੌਤ ਹੋ ਗਈ ਹੈ, ਵਾਇਰਸ ਦੇ ਡੈਲਟਾ ਵੈਰੀਐਂਟ ਨਾਲ ਸੰਕਰਮਿਤ ਹੋਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਇਹ ਪਹਿਲੀ ਮੌਤ ਹੈ।
ਇਹ ਖ਼ਬਰ ਉਦੋਂ ਆਈ ਜਦੋਂ ਸਿਹਤ ਅਧਿਕਾਰੀ ਅੱਜ ਕੋਵਿਡ -19 ਦੇ ਅੱਜ ਆਏ 20 ਨਵੇਂ ਕਮਿਊਨਿਟੀ ਕੇਸਾਂ ਦੀ ਰਿਪੋਰਟ ਦੇ ਰਹੇ ਸਨ। ਇਹ ਸਾਰੇ ਨਵੇਂ ਕੇਸ ਆਕਲੈਂਡ ਵਿੱਚੋਂ ਹੀ ਆਏ ਹਨ। ਨੌਰਥ ਸ਼ੋਰ ਹਸਪਤਾਲ ਵਿੱਚ ਕੱਲ੍ਹ ਰਾਤ ਨੂੰ 90 ਸਾਲਾ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। ਸਿਹਤ ਮੰਤਰਾਲੇ ਨੇ ਕਿਹਾ ਕਿ ਉਸ ਦੀਆਂ ਬਹੁਤ ਸਾਰੀਆਂ ਅੰਡਰਲਾਇੰਗ ਸਥਿਤੀਆਂ ਸਨ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਆਖ਼ਰੀ ਕੋਵਿਡ ਮੌਤ ਇਸ ਸਾਲ ਫਰਵਰੀ ਵਿੱਚ ਹੋਈ ਸੀ। ਉਸ ਵਿਅਕਤੀ ਦੀ ਵੀ ਨੌਰਥ ਸ਼ੋਰ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਕੋਵਿਡ ਦੀ ਮੌਤ ਪਿਛਲੇ ਸਾਲ ਸਤੰਬਰ ਵਿੱਚ ਹੋਈ ਸੀ, ਪਿਛਲੇ ਅਗਸਤ ਵਿੱਚ ਆਕਲੈਂਡ ਕਲੱਸਟਰ ਵੱਡੇ ਹਿੱਸੇ ਵਜੋਂ ਰਿਹਾ ਸੀ। ਜਦੋਂ ਤੋਂ ਮਹਾਂਮਾਰੀ ਦੇਸ਼ ਵਿੱਚ ਆਈ ਹੈ ਉਦੋਂ ਤੋਂ ਕੁੱਲ ਮਿਲਾ ਕੇ ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹੁਣ ਤੱਕ 27 ਲੋਕਾਂ ਦੀ ਮੌਤ ਹੋ ਗਈ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕੋਵਿਡ -19 ਨਾਲ ਰਾਤ ਮਰਨ ਵਾਲੀ ਬਜ਼ੁਰਗ ਮਹਿਲਾ ਦੇ ਪਰਿਵਾਰ ਅਤੇ ਅਜ਼ੀਜ਼ਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ, “ਹਰ ਮੌਤ ਉਸ ਨੁਕਸਾਨ ਦੀ ਯਾਦ ਦਿਵਾਉਂਦੀ ਹੈ ਜੋ ਕੋਵਿਡ -19 ਸਾਡੇ ਸਮਾਜ ਵਿੱਚ ਦਾਖ਼ਲ ਹੋਣ ‘ਤੇ ਹੋ ਸਕਦਾ ਹੈ”।
ਅੱਜ ਦੇ 20 ਨਵੇਂ ਕੇਸਾਂ ਨਾਲ ਕੁੱਲ ਗਿਣਤੀ 782 ਹੋ ਗਈ ਹੈ, ਜਿਨ੍ਹਾਂ ਵਿੱਚ ਵੈਲਿੰਗਟਨ ਦੇ 17 ਕੇਸ ਸ਼ਾਮਲ ਹਨ। ਕੱਲ੍ਹ ਦੇ 30% ਕੇਸਾਂ ਵਿੱਚ ਐਕਸਪੋਜਰ ਇਵੈਂਟਸ ਸਨ, ਬਾਕੀ 70% ਉਨ੍ਹਾਂ ਦੇ ਪੂਰੇ ਛੂਤਕਾਰੀ ਸਮੇਂ ਲਈ ਆਈਸੋਲੇਸ਼ਨ ਵਿੱਚ ਸੀ।
ਪਿਛਲੇ 24 ਘੰਟਿਆਂ ਦੌਰਾਨ ਆਕਲੈਂਡ ਵਿੱਚ 5322 ਕੋਵਿਡ ਟੈੱਸਟ ਕੀਤੇ ਗਏ ਅਤੇ ਦੇਸ਼ ਭਰ ਵਿੱਚ 11,037 ਟੈੱਸਟ ਕੀਤੇ। ਹੁਣ ਤੱਕ ਵੈਕਸੀਨ ਦੀਆਂ 3,772,754 ਖ਼ੁਰਾਕਾਂ ਦਿੱਤੀਆਂ ਗਈਆਂ ਹਨ, ਜਦੋਂ ਕਿ 1,290,630 ਨੂੰ ਉਨ੍ਹਾਂ ਦੀ ਦੂਜੀ ਖ਼ੁਰਾਕ ਦਿੱਤੀ ਗਈ। ਕੱਲ੍ਹ ਟੀਕੇ ਦੀਆਂ ਕੁੱਲ 86,544 ਖ਼ੁਰਾਕਾਂ ਦਿੱਤੀਆਂ ਗਈਆਂ ਸਨ। ਅੱਜ ਸਵੇਰੇ 9 ਵਜੇ 144 ਲੋਕੇਸ਼ਨ ਆਫ਼ ਇੰਟਰੈਸਟ ਵਾਲੇ ਸਥਾਨ ਸਨ।