ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 20 ਨਵੇਂ ਕੇਸ ਸਾਹਮਣੇ ਆਏ

ਵੈਲਿੰਗਟਨ, 5 ਸਤੰਬਰ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 20 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਅੱਜ ਦੇ ਕਮਿਊਨਿਟੀ ਵਿੱਚ ਆਏ 20 ਨਵੇਂ ਕੋਵਿਡ ਕੇਸ ਤੋਂ ਲੱਗਦਾ ਹੈ ਕਿ ਲੌਕਡਾਉਨ ਪ੍ਰਕੋਪ ਨੂੰ ਸਲੋਅ ਯਾਨੀ ਹੌਲੀ ਕਰ ਰਿਹਾ ਹੈ।
ਬਲੂਮਫੀਲਡ ਨੇ ਕਿਹਾ ਕਿ, “ਅਸੀਂ ਸਹੀ ਦਿਸ਼ਾ ਵੱਲ ਜਾ ਰਹੇ ਹਾਂ, ਪਰ ਅਸੀਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਇਹ ਸਿਰਫ਼ 20 ਕੇਸ ਹਨ। ਅਸੀਂ ਇੱਕ ਕੇਸ ਨੂੰ ਵੀ ਨੈੱਟ ਰਾਹੀਂ ਨਹੀਂ ਜਾਣ ਦੇ ਸਕਦੇ”। ਬਲੂਮਫੀਲਡ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਵਿੱਚ ਅਗਲਾ ਹਫ਼ਤਾ ਨਾਜ਼ੁਕ ਹੈ, ਲੋਕ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਅਤੇ ਲੱਛਣ ਹੋਣ ‘ਤੇ ਟੈੱਸਟ ਕਰਵਾ ਰਹੇ ਹਨ।
ਉਨ੍ਹਾਂ ਅਤੇ ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਅੱਜ ਇਹ ਵੀ ਖ਼ੁਲਾਸਾ ਕੀਤਾ ਕਿ ਆਕਲੈਂਡ ਖੇਤਰ ਦੇ ਅੰਦਰ ਅਤੇ ਬਾਹਰ ਜ਼ਰੂਰੀ ਕੰਮਾਂ ਲਈ ਯਾਤਰਾ ਕਰਨ ਵਾਲੇ ਲੋਕਾਂ ਦੀ ਛੇਤੀ ਹੀ ਖੇਤਰੀ ਸਰਹੱਦਾਂ ‘ਤੇ ਸਿਹਤ ਜਾਂਚ ਕੀਤੀ ਜਾ ਸਕਦੀ ਹੈ।
ਬਲੂਮਫੀਲਡ ਨੇ ਕਿਹਾ ਕਿ ਅੱਜ ਦੇ ਕਮਿਊਨਿਟੀ ਵਿੱਚ ਆਏ 20 ਨਵੇਂ ਕੋਵਿਡ ਕੇਸ ਸਾਰੇ ਹੀ ਆਕਲੈਂਡ ਦੇ ਹਨ। ਉਨ੍ਹਾਂ ਕਿਹਾ 38 ਲੋਕ ਹੁਣ ਹਸਪਤਾਲ ਵਿੱਚ ਹਨ ਜਿਨ੍ਹਾਂ ਵਿੱਚੋਂ 6 ਸਖ਼ਤ ਦੇਖਭਾਲ (ICU) ਵਾਲੇ ਹਨ, ਜਿਨ੍ਹਾਂ ਵਿੱਚੋਂ 4 ਨੂੰ ਵੈਂਟੀਲੇਸ਼ਨ ਦੀ ਲੋੜ ਹੈ। ਇਸ ਪ੍ਰਕੋਪ ਵਿੱਚ ਹੁਣ 801 ਕੇਸ ਹਨ, ਜਿਨ੍ਹਾਂ ਵਿੱਚ 79 ਠੀਕ ਹੋਏ ਹਨ।
ਰਿਪੋਰਟ ਕੀਤੇ ਗਏ ਗੰਦੇ ਪਾਣੀ ਦੀ ਜਾਂਚ ਵਿੱਚ ਕੋਈ ਅਣਚਾਹੇ ਨਤੀਜੇ ਨਹੀਂ ਮਿਲੇ। ਕੁੱਲ ਮਿਲਾ ਕੇ ਇਸ ਕਲੱਸਟਰ ਦੇ ਲਈ ਸਰਕਾਰ ਨੇ 38,120 ਸੰਪਰਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ 90% ਦੇ ਘੱਟੋ -ਘੱਟ ਇੱਕ ਟੈੱਸਟ ਦੇ ਨਤੀਜੇ ਆਏ ਹਨ। ਸ਼ਨੀਵਾਰ ਨੂੰ 77,000 ਤੋਂ ਵੱਧ ਟੀਕੇ ਦੀਆਂ ਖ਼ੁਰਾਕਾਂ ਦਿੱਤੀਆਂ ਗਈਆਂ।