ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 20 ਹੋਰ ਨਵੇਂ ਕੇਸ ਆਏ, ਡੈਨਮਾਰਕ ਤੋਂ ਹੋਰ ਵੈਕਸੀਨ ਦੀ ਖ਼ੁਰਾਕਾਂ ਆ ਰਹੀਆਂ

ਵੈਲਿੰਗਟਨ, 12 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 20 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਮੈਨੇਜਡ ਆਈਸੋਲੇਸ਼ਨ ‘ਚੋਂ 3 ਕੇਸ ਆਏ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਪੂਰੇ ਦੇਸ਼ ਲਈ ਅਲਰਟ ਲੈਵਲ ਦੀ ਸਮੀਖਿਆ ਕਰਨ ਦੇ ਲਈ ਕੈਬਨਿਟ ਦੀ ਬੈਠਕ ਤੋਂ ਇੱਕ ਦਿਨ ਪਹਿਲਾਂ ਅੱਜ ਦੇ ਕੇਸਾਂ ਦਾ ਖ਼ੁਲਾਸਾ ਕੀਤਾ। ਡਾ. ਬਲੂਮਫੀਲਡ ਨੇ ਕਿਹਾ ਕਿ ਮਿਡਲਮੋਰ ਹਸਪਤਾਲ ਦੇ ਮਾਮਲਿਆਂ ਦੇ ਸੰਭਾਵੀ ਸੰਪਰਕ ਵਿੱਚ ਆਉਣ ਤੋਂ ਬਾਅਦ ਕੋਈ ਵੀ ਸਟਾਫ਼ ਜਾਂ ਮਰੀਜ਼ਾਂ ਦਾ ਸਕਾਰਾਤਮਿਕ ਕੇਸ ਨਹੀਂ ਆਇਆ।
ਡਾ. ਬਲੂਮਫੀਲਡ ਨੇ ਕਿਹਾ ਕਿ ਅੱਜ ਦੇ ਇਨ੍ਹਾਂ 20 ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ ਨੂੰ 922 ਤੱਕ ਹੋ ਗਈ ਹੈ। ਕਮਿਊਨਿਟੀ ਦੇ 922 ਕੇਸਾਂ ਵਿੱਚੋਂ 907 ਆਕਲੈਂਡ ਅਤੇ 17 ਵੈਲਿੰਗਟਨ ਦੇ ਕੇਸ ਹਨ। ਇਨ੍ਹਾਂ 922 ਕੇਸ ਵਿੱਚੋਂ 352 ਕੇਸ ਰਿਕਵਰ ਹੋਏ ਹਨ।ਹਸਪਤਾਲ ਵਿੱਚ 18 ਮਰੀਜ਼ ਹਨ ਜਿਨ੍ਹਾਂ ਵਿੱਚੋਂ 4 ਸਖ਼ਤ ਦੇਖਭਾਲ (ICU) ਵਿੱਚ ਵੈਂਟੀਲੇਟਰ ‘ਤੇ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਦੱਸਿਆ ਕਿ ਡੈਨਮਾਰਕ ਤੋਂ 500,000 ਫਾਈਜ਼ਰ ਟੀਕੇ ਦੀਆਂ ਖ਼ੁਰਾਕਾਂ ਖ਼ਰੀਦੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇੱਕ ਸ਼ਿਪਮੈਂਟ ਹਫ਼ਤੇ ਦੇ ਅੱਧ ਵਿੱਚ ਆਕਲੈਂਡ ਪਹੁੰਚੇਗਾ ਅਤੇ ਦੂਜੀ ਸ਼ਿਪਮੈਂਟ ਬਾਅਦ ਵਿੱਚ ਆਏਗੀ। ਇਹ ਦੇਸ਼ ਵਿੱਚ ਸਪਲਾਈ ਨੂੰ ਪਿਛਲੇ ਕੁੱਝ ਹਫ਼ਤਿਆਂ ਦੀ ਮੰਗ ਵਿੱਚ ਵਾਧੇ ਨੂੰ ਪੂਰਾ ਕਰਨ ਦੇ ਯੋਗ ਬਣਾਏਗਾ ਜਦੋਂ ਤੱਕ ਅਕਤੂਬਰ ਵਿੱਚ ਵੱਡੀ ਸ਼ਿਪਮੈਂਟ ਨਹੀਂ ਆਉਂਦੀ।