ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 14 ਹੋਰ ਨਵੇਂ ਕੇਸ ਆਏ, ਆਕਲੈਂਡ ਲੈਵਲ 4 ਅਤੇ ਬਾਕੀ ਦੇਸ਼ ਲੈਵਲ 2 ਉੱਤੇ

ਵੈਲਿੰਗਟਨ, 15 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 14 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਅੱਜ ਵੀ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ 3 ਕੇਸ ਆਏ ਹਨ। ਜ਼ਿਕਰਯੋਗ ਹੈ ਕਿ ਅੱਜ ਤੋਂ ਆਕਲੈਂਡ 21 ਸਤੰਬਰ ਦੀ ਅੱਧੀ ਰਾਤ 11.59 ਵਜੇ ਤੱਕ ਅਲਰਟ ਲੈਵਲ 4 ‘ਤੇ ਰਹੇਗਾ। ਆਕਲੈਂਡ ਵਿੱਚ ਲੈਵਲ 4 ਨੂੰ ਇੱਕ ਹੋਰ ਹਫ਼ਤੇ ਲਈ ਵਧਾਇਆ ਗਿਆ ਹੈ। ਜਦੋਂ ਕਿ ਆਕਲੈਂਡ ਦੇ ਬਾਹਰ ਦੇਸ਼ ਦਾ ਬਾਕੀ ਹਿੱਸਾ ਵੀ ਇੱਕ ਹਫ਼ਤੇ ਲਈ 21 ਸਤੰਬਰ ਦਿਨ ਮੰਗਲਵਾਰ ਦੀ ਅੱਧੀ ਰਾਤ 11.59 ਵਜੇ ਤੱਕ ਲੈਵਲ 2 ਵਿੱਚ ਹੀ ਰਹੇਗਾ। ਕੈਬਨਿਟ ਅਗਲੇ ਹਫ਼ਤੇ 20 ਸਤੰਬਰ ਦਿਨ ਸੋਮਵਾਰ ਨੂੰ ਇਨ੍ਹਾਂ ਸੈਟਿੰਗਾਂ ਦੀ ਸਮੀਖਿਆ ਕਰੇਗੀ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਸਾਰੇ ਨਵੇਂ ਮਾਮਲੇ ਮੌਜੂਦਾ ਮਾਮਲਿਆਂ ਨਾਲ ਜੁੜੇ ਹੋਏ ਹਨ ਪਰ ਕਮਿਊਨਿਟੀ ਵਿੱਚ 3 ਲੋਕ ਛੂਤਕਾਰੀ ਸਨ, ਜਿਨ੍ਹਾਂ ਨਾਲ 10 ਨਵੇਂ ਐਕਸਪੋਜਰ ਇਵੈਂਟਸ ਪੈਦਾ ਹੋਏ। ਉਨ੍ਹਾਂ ਕਿਹਾ ਕੱਲ੍ਹ ਆਕਲੈਂਡ ਵਿੱਚ ਟੈਸਟਿੰਗ ਵਧਾਈ ਗਈ, ਜਿਸ ਨਾਲ 10,341 ਨਵੇਂ ਟੈੱਸਟ ਕੀਤੇ ਗਏ।
ਡਾ. ਬਲੂਮਫੀਲਡ ਨੇ ਕਿਹਾ ਕਿ ਇਹ 14 ਨਵੇਂ ਮਾਮਲੇ ਆਕਲੈਂਡ ਦੇ ਹੀ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਇਨ੍ਹਾਂ 15 ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ ਨੂੰ 983 ਤੱਕ ਹੋ ਗਈ ਹੈ। ਜਦੋਂ ਕਿ 394 ਕੇਸ ਰਿਕਵਰ ਹੋਏ ਹਨ। ਹਸਪਤਾਲ ਵਿੱਚ 22 ਮਰੀਜ਼ ਹਨ ਜਿਨ੍ਹਾਂ ਵਿੱਚੋਂ 4 ਸਖ਼ਤ ਦੇਖਭਾਲ (ICU) ਵਿੱਚ ਵੈਂਟੀਲੇਟਰ ‘ਤੇ ਹਨ।