ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 18 ਹੋਰ ਨਵੇਂ ਕੇਸ ਆਏ

ਵੈਲਿੰਗਟਨ, 26 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 18 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਇਹ ਸਾਰੇ ਕੇਸ ਆਕਲੈਂਡ ਦੇ ਹਨ।
ਸਿਹਤ ਮੰਤਰਾਲੇ ਨੇ ਕਿਹਾ ਅੱਜ ਦੇ ਨਵੇਂ 18 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1164 ਹੋ ਗਈ ਹੈ। ਹਸਪਤਾਲ ਵਿੱਚ 12 ਮਰੀਜ਼ ਹਨ ਜਿਨ੍ਹਾਂ ਵਿੱਚੋਂ 4 ਸਖ਼ਤ ਦੇਖਭਾਲ (ICU) ਵਿੱਚ ਹਨ।
ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 13,442 ਟੈੱਸਟ ਹੋਏ। ਟੀਕਾਕਰਣ ਮੁਹਿੰਮ 5 ਮਿਲੀਅਨ ਖ਼ੁਰਾਕਾਂ ਦੇ ਨਾਲ ਇੱਕ ਨਵੇਂ ਮੀਲ ਪੱਥਰ ‘ਤੇ ਪਹੁੰਚ ਗਈ ਹੈ। ਉਨ੍ਹਾਂ ਵਿੱਚੋਂ ਕੱਲ੍ਹ 51,472 ਖ਼ੁਰਾਕਾਂ ਦਿੱਤੀਆਂ ਗਈਆਂ ਸਨ। ਜਿਨ੍ਹਾਂ ਵਿੱਚ 19,350 ਨੂੰ ਪਹਿਲੀ ਖ਼ੁਰਾਕ ਅਤੇ 32,122 ਨੂੰ ਦੂਜੀ ਖ਼ੁਰਾਕ ਦਿੱਤੀ ਗਈ। ਆਕਲੈਂਡਰਸ ਦੇ 82% ਲੋਕਾਂ ਨੂੰ ਹੁਣ ਆਪਣੀ ਪਹਿਲੀ ਖ਼ੁਰਾਕ ਮਿਲੀ ਹੈ।
ਅੱਜ ਬਾਰਡਰ ਤੋਂ 3 ਨਵੇਂ ਕੇਸ ਆਏ ਹਨ, ਉਨ੍ਹਾਂ ਵਿੱਚੋਂ 1 ਨਵਾਂ ਕੇਸ ਰੂਸ ਤੋਂ ਯੂਏਈ ਰਾਹੀਂ 23 ਸਤੰਬਰ ਨੂੰ ਆਇਆ ਸੀ। ਜਦੋਂ ਕਿ ਦੂਜੇ 2 ਕੇਸ ਹਿਸਟੋਰੀਕਲ ਹਨ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ 11 ਸਤੰਬਰ ਨੂੰ ਸ੍ਰੀਲੰਕਾ ਤੋਂ ਪਹੁੰਚਿਆ ਸੀ, ਜਿਸ ਦਾ 12ਵੇਂ ਦਿਨ ਦਾ ਟੈੱਸਟ ਪਾਜ਼ੇਟਿਵ ਆਇਆ, ਜਦੋਂ ਕਿ ਦੂਜਾ ਵਿਅਕਤੀ ਯੂਕੇ ਤੋਂ ਸਿੰਗਾਪੁਰ ਦੇ ਰਸਤੇ 22 ਸਤੰਬਰ ਨੂੰ ਨਿਊਜ਼ੀਲੈਂਡ ਪਹੁੰਚਿਆ ਸੀ ਅਤੇ ਜ਼ੀਰੋ ਦਿਨ ਦੇ ਟੈੱਸਟ ਵਿੱਚ ਪਾਜ਼ੇਟਿਵ ਆਇਆ।