ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 45 ਹੋਰ ਨਵੇਂ ਕੇਸ ਆਏ, ਇਨ੍ਹਾਂ ‘ਚ 12 ਕੇਸ ਅਣਲਿੰਕ ਹਨ

ਵੈਲਿੰਗਟਨ, 29 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 45 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਇਨ੍ਹਾਂ ਵਿੱਚ 12 ਅਣਲਿੰਕ ‘ਮਿਸਟਰੀ’ ਕੇਸ ਹਨ। ਇਹ ਸਾਰੇ ਕੇਸ ਆਕਲੈਂਡ ਦੇ ਹਨ। ਜ਼ਿਕਰਯੋਗ ਹੈ ਕਿ ਨਵੇਂ ਡੈਲਟਾ ਪ੍ਰਕੋਪ ਦੇ ਕੱਲ੍ਹ ਸਭ ਤੋਂ ਘੱਟ 8 ਕੇਸ ਆਏ ਸਨ। ਜਦੋਂ ਕਿ 2 ਸਤੰਬਰ ਨੂੰ 49 ਕੇਸ ਆਏ ਸਨ ਉਸ ਤੋਂ ਬਾਅਦ ਅੱਜ ਸਿੱਧੇ 45 ਨਵੇਂ ਕੇਸ ਆਏ ਹਨ।
ਅੱਜ ਬਾਰਡਰ ਤੋਂ 5 ਨਵੇਂ ਕੇਸ ਆਏ ਹਨ।
ਕੋਵਿਡ ਰਿਸਪੋਂਸ ਮਨਿਸਟਰ ਕ੍ਰਿਸ ਹਿਪਕਿਨਸ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕੀਤੀ। ਡਾ. ਬਲੂਮਫੀਲਡ ਨੇ ਕਿਹਾ ਕਿ ਅੱਜ ਦੇ 45 ਨਵੇਂ ਕੇਸ ਵਿੱਚ ਕੁੱਲ 33 ਮੌਜੂਦਾ ਮਾਮਲਿਆਂ ਦੇ ਘਰੇਲੂ ਜਾਂ ਨਜ਼ਦੀਕੀ ਸੰਪਰਕ ਹਨ। ਜਦੋਂ ਕਿ 12 ਕੇਸ ਅਣਲਿੰਕ ਕੀਤੇ ਗਏ ਹਨ ਪਰ ਉਨ੍ਹਾਂ ਵਿੱਚੋਂ 6 ਦੇ ਕੁੱਝ ਲਿੰਕ ਦਿਖਾਈ ਦੇ ਰਹੇ ਸਨ। ਇਨ੍ਹਾਂ ਵਿੱਚ ਕੁੱਝ ਆਪਣੇ ਛੂਤਕਾਰੀ (Infectious) ਸਮੇਂ ਦੌਰਾਨ ਈਸੈਂਸ਼ਿਅਲ ਬਿਜ਼ਨਸਸ ਵਿੱਚ ਕੰਮ ਕਰ ਰਹੇ ਸਨ।
ਸਿਹਤ ਮੰਤਰਾਲੇ ਨੇ ਦਿਲਚਸਪੀ ਦੇ ਇੱਕ ਸਥਾਨ ਦਾ ਖ਼ੁਲਾਸਾ ਕੀਤਾ ਹੈ ਕਿ ਵਾਇਰਸ ਨਾਲ ਪੀੜਤ ਇੱਕ ਵਿਅਕਤੀ ਦੋ ਦਿਨ ਪਹਿਲਾਂ 27 ਸਤੰਬਰ ਦਿਨ ਸੋਮਵਾਰ ਦੁਪਹਿਰ ਨੂੰ ਵੈਸਟ ਆਕਲੈਂਡ ਦੇ ਕੈਲਸਟਨ ਮਾਲ ਵਿੱਚ ਅੱਧੇ ਘੰਟੇ ਲਈ 2 ਵਜੇ ਤੋਂ 2.30 ਵਜੇ ਤੱਕ ਗਿਆ ਸੀ। ਮਾਲ ਦੇ ਅੰਦਰ ਬਹੁਤ ਸਾਰੇ ਕਾਰੋਬਾਰ ਹਨ, ਜਿਸ ਵਿੱਚ ਕਾਊਂਟਡਾਉਨ ਸੁਪਰਮਾਰਕੀਟ, ਪੈਟਰੋਲ ਸਟੇਸ਼ਨ, ਕੈਫ਼ੇ ਅਤੇ ਨੇੜੇ ਮੈਕਡੋਨਲਡਜ਼ ਰੈਸਟੋਰੈਂਟ ਹੈ।
ਡਾ. ਬਲੂਮਫੀਲਡ ਨੇ ਕਿਹਾ ਅੱਜ ਦੇ ਨਵੇਂ 45 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1230 ਹੋ ਗਈ ਹੈ। ਹਸਪਤਾਲ ਵਿੱਚ 16 ਮਰੀਜ਼ ਹਨ ਜਿਨ੍ਹਾਂ ਵਿੱਚੋਂ 3 ਸਖ਼ਤ ਦੇਖਭਾਲ (ICU) ਵਿੱਚ ਹਨ।