ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 19 ਹੋਰ ਨਵੇਂ ਕੇਸ ਆਏ

ਵੈਲਿੰਗਟਨ, 30 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 19 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਇਨ੍ਹਾਂ ਵਿੱਚ 18 ਕੇਸ ਆਕਲੈਂਡ ਅਤੇ 1 ਕੇਸ ਉੱਪਰੀ ਹੌਰਾਕੀ ਵਿੱਚ ਵਿਦਿਆਰਥੀ ਦਾ ਹੈ, ਜੋ ਮੰਗਾਟਾਂਗੀ ਸਕੂਲ ਵਿੱਚ ਪੜ੍ਹਦਾ ਸੀ ਅਤੇ ਆਈਸੋਲੇਸ਼ਨ ਵਿੱਚ ਰਹਿ ਰਿਹਾ। ਪੈਰੋਲ ‘ਤੇ ਰਿਹਾਅ ਕੀਤੇ ਗਏ ਗੈਂਗ ਮੈਂਬਰ ਦੇ ਬੱਚੇ ਦੇ ਸੰਕਰਮਿਤ ਹੋਣ ਤੋਂ ਬਾਅਦ ਸਕੂਲ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਪ੍ਰਕੋਪ ਦੇ ਕੇਂਦਰ ਵਿੱਚ ਸੀ। ਇਨ੍ਹਾਂ 19 ਕੇਸਾਂ ਵਿੱਚ 16 ਕੇਸ ਜਾਣੇ-ਪਛਾਣੇ ਘਰਾਂ ਅਤੇ ਨੇੜਲੇ ਸੰਪਰਕ ਦੇ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕੀਤੀ। ਡਾ. ਬਲੂਮਫੀਲਡ ਨੇ ਕਿਹਾ ਅੱਜ ਦੇ ਨਵੇਂ 19 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1249 ਹੋ ਗਈ ਹੈ। ਹਸਪਤਾਲ ਵਿੱਚ 18 ਮਰੀਜ਼ ਹਨ ਜਿਨ੍ਹਾਂ ਵਿੱਚੋਂ 4 ਸਖ਼ਤ ਦੇਖਭਾਲ (ICU) ਵਿੱਚ ਹਨ। ਪਿਛਲੇ 24 ਘੰਟਿਆਂ ਵਿੱਚ 16,537 ਸਵੈਬਸ ਲਏ ਗਏ, ਜਿਨ੍ਹਾਂ ਵਿੱਚ ਆਕਲੈਂਡ ਦੇ 8,537 ਸਵੈਬਸ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਕਿਹਾ ਕਿ 4 ਅਕਤੂਬਰ ਦਿਨ ਸੋਮਵਾਰ ਨੂੰ ਕੈਬਨਿਟ ਦੀ ਹੋਣ ਵਾਲੀ ਮੀਟਿੰਗ ਵਿੱਚ ਬਾਊਂਡਰੀ ਨੂੰ ਹਟਾਉਣ ਬਾਰੇ ਵਿਚਾਰ ਨਹੀਂ ਕੀਤਾ ਜਾਏਗਾ, ਜਦੋਂ ਆਕਲੈਂਡ ਦੇ ਅਲਰਟ ਲੈਵਲ 3 ਦੀਆਂ ਪਾਬੰਦੀਆਂ ਤੋਂ ਬਾਹਰ ਜਾਣਾ ਸੰਭਵ ਹੈ ਜਾਂ ਨਹੀਂ ਬਾਰੇ ਵਿਚਾਰ ਚਰਚਾ ਹੋਵੋਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਦੀ ਬਜਾਏ ਇਹ ਵੇਖੇਗੀ ਕਿ ਕੀ ਅਗਲੇ ਹਫ਼ਤੇ ਕੋਈ ਹੋਰ “ਘੱਟ ਜੋਖ਼ਮ” ਪਾਬੰਦੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ।