ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ ਵੀ 44 ਹੋਰ ਨਵੇਂ ਕੇਸ ਆਏ, ਜਿਸ ‘ਚ 3 ਕੇਸ ਵਾਇਕਾਟੋ ਦੇ ਹਨ

ਵੈਲਿੰਗਟਨ, 8 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 44 ਹੋਰ ਨਵੇਂ ਕੇਸ ਸਾਹਮਣੇ ਆਏ ਅਤੇ ਇਨ੍ਹਾਂ ਵਿੱਚੋਂ 41 ਕੇਸ ਆਕਲੈਂਡ ਦੇ ਹਨ ਅਤੇ 3 ਕੇਸ ਵਾਇਕਾਟੋ ਦੇ ਹਨ। ਵਾਇਕਾਟੋ ਇਲਾਕੇ ਦੇ ਵਿੱਚ ਅੱਜ ਦੇ 3 ਕੇਸ ਮਿਲਾ ਕੇ ਹੁਣ ਕੁੱਲ 25 ਕੇਸ ਹੋ ਗਏ ਹਨ।
ਡਾਇਰੈਕਟਰ ਆਫ਼ ਪਬਲਿਕ ਹੈਲਥ ਡਾ. ਕੈਰੋਲਿਨ ਮੈਕਲਨੇ ਨੇ ਕਿਹਾ ਕਿ ਅੱਜ ਦੇ ਨਵੇਂ 44 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1,492 ਹੋ ਗਈ ਹੈ। ਇਨ੍ਹਾਂ 44 ਕੇਸਾਂ ਵਿੱਚ 20 ਕੇਸ ਘਰੇਲੂ ਸੰਪਰਕ ਵਾਲੇ ਹਨ, 12 ਜਾਣੇ-ਪਛਾਣੇ ਸੰਪਰਕਾਂ ਦੇ ਹਨ ਅਤੇ 12 ਕੇਸ ਅਣਲਿੰਕ ਹਨ।
ਹਸਪਤਾਲ ਵਿੱਚ 25 ਮਰੀਜ਼ ਹਨ ਜਿਨ੍ਹਾਂ ਵਿੱਚੋਂ 5 ਸਖ਼ਤ ਦੇਖਭਾਲ (ICU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 2 ਨੌਰਥ ਸ਼ੋਰ ਹਸਪਤਾਲ, 12 ਮਿਡਲਮੋਰ ਹਸਪਤਾਲ ਅਤੇ 10 ਆਕਲੈਂਡ ਸਿਟੀ ਹਸਪਤਾਲ ਵਿੱਚ ਹਨ ਅਤੇ 1 ਕੇਸ ਵਾਇਕਾਟੋ ਬੇਸ ਹਸਪਤਾਲ ਵਿੱਚ ਹੈ।
ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ‘ਚ 29,925 ਟੈੱਸਟ ਕੀਤੇ ਗਏ ਹਨ। ਜਿਨ੍ਹਾਂ ‘ਚੋਂ ਆਕਲੈਂਡ ਵਿੱਚ 10,439 ਟੈੱਸਟ ਹੋਏ ਹਨ।
ਦੇਸ਼ ਭਰ ਵਿੱਚ ਕੱਲ੍ਹ ਕੋਵਿਡ -19 ਦੀਆਂ ਕੁੱਲ 82,303 ਖ਼ੁਰਾਕਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚ ਪਹਿਲੀ ਖ਼ੁਰਾਕ ਵਾਲੇ 19,705 ਅਤੇ ਦੂਜੀ ਖ਼ੁਰਾਕ ਵਾਲੇ 62,589 ਹਨ। ਆਕਲੈਂਡ ਵਾਸੀਆਂ ਨੂੰ ਕੱਲ੍ਹ 4,638 ਪਹਿਲੀ ਖ਼ੁਰਾਕ ਅਤੇ 21,639 ਨੂੰ ਦੂਜੀ ਖ਼ੁਰਾਕ ਪ੍ਰਾਪਤ ਹੋਈ। ਹੁਣ ਤੱਕ 1.22 ਮਿਲੀਅਨ ਤੋਂ ਵੱਧ ਆਕਲੈਂਡ ਵਾਸੀਆਂ ਨੂੰ ਟੀਕੇ ਦੀ ਘੱਟੋ ਘੱਟ ਇੱਕ ਖ਼ੁਰਾਕ ਪ੍ਰਾਪਤ ਹੋਈ ਹੈ, ਉਨ੍ਹਾਂ ਵਿੱਚੋਂ 86% ਯੋਗ ਹਨ, 57% ਆਕਲੈਂਡਰਸ ਯਾਨੀ 8,71,201 ਨੂੰ ਦੋ ਖ਼ੁਰਾਕਾਂ ਪ੍ਰਾਪਤ ਹੋਈਆਂ ਹਨ।
ਮਾਓਰੀਆਂ ਨੂੰ 3,30,000 ਤੋਂ ਵੱਧ ਇੱਕ ਖ਼ੁਰਾਕ ਅਤੇ 1,98,104 ਨੂੰ ਦੋ ਖ਼ੁਰਾਕਾਂ ਪ੍ਰਾਪਤ ਹੋਈਆਂ ਹਨ। ਜਦੋਂ ਕਿ ਪੈਸੀਫਿਕ ਲੋਕਾਂ ‘ਚੋਂ 2,14,878 ਨੂੰ ਪਹਿਲੀ ਖ਼ੁਰਾਕ ਅਤੇ 1,36,202 ਨੂੰ ਦੂਜੀ ਖ਼ੁਰਾਕ ਪ੍ਰਾਪਤ ਹੋਈ ਹੈ।
ਗੌਰਤਲਬ ਹੈ ਕਿ ਨੌਰਥਲੈਂਡ ਵਿੱਚ ਕੇਸ ਵਧਣ ਦਾ ਡਰ ਬਣਿਆ ਹੋਇਆ ਹੈ, ਕਿਉਂਕਿ ਜਦੋਂ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਖੇਤਰ ਦੇ ਇੱਕ ਵਿਅਕਤੀ ਦਾ ਸ਼ੁਰੂ ਵਿੱਚ “ਕਮਜ਼ੋਰ ਸਕਾਰਾਤਮਿਕ” ਟੈੱਸਟ ਨਤੀਜਾ ਆਇਆ, ਉਸ ਤੋਂ ਬਾਅਦ ਉਸ ਦਾ ਕੋਵਿਡ ਲਈ ਸਕਾਰਾਤਮਿਕ ਟੈੱਸਟ ਨਤੀਜਾ ਆਇਆ ਹੈ।